ਅੱਤ ਦੀ ਗਰਮੀ ਨੇ ਯੂਰਪੀਅਨ ਦੇਸ਼ ਇਟਲੀ ਨੂੰ ਕੀਤਾ ਪਸੀਨੋ-ਪਸੀਨੀ

06/26/2017 3:05:10 PM

ਰੋਮ/ਇਟਲੀ (ਕੈਂਥ)— ਅੱਤ ਦੀ ਪੈ ਰਹੀ ਗਰਮੀ ਨੇ ਇਕੱਲਾ ਏਸ਼ੀਅਨ ਦੇਸ਼ਾਂ ਦੇ ਵਾਸੀ ਹੀ ਪਸੀਨੋ-ਪਸੀਨੀ ਨਹੀਂ ਹੋ ਰਹੇ ਸਗੋਂ ਯੂਰਪ ਦਾ ਦੇਸ਼ ਇਟਲੀ ਵਾਸੀ ਵੀ ਗਰਮੀ ਦੀ ਮਾਰ ਝੱਲ ਰਹੇ ਹਨ। ਇਟਾਲੀਅਨ ਲੋਕ ਗਰਮੀ 'ਚ ਹਾਲੋਂ ਬੇਹਾਲ ਹਨ, ਜਿਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਪਾਓਲੋ ਜੇਂਤੀਲੋਨੀ ਦੀ ਕੈਬਨਿਟ ਨੇ ਉੱਤਰੀ ਸੂਬਿਆਂ ਦੇ ਪਾਰਮਾ ਅਤੇ ਪਿਆਚੈਂਸਾ ਜ਼ਿਲਿਆਂ 'ਚ ਸੋਕੇ ਕਾਰਨ ਐਮਰਜੈਂਸੀ ਦੀ ਸਥਿਤੀ ਐਲਾਨ ਦਿੱਤੀ ਹੈ। ਬੀਤੇ ਸਾਲ 2016 'ਚ ਘੱਟ ਵਰਖਾ ਹੋਣ ਕਾਰਨ ਸਰਦਰੁੱਤ ਤੋਂ ਬਾਅਦ ਪਈ ਗਰਮੀ ਵਿਚ ਪਾਣੀ ਦੀ ਕਮੀ ਵਿਚ ਭਾਰੀ ਵਾਧਾ ਹੋਇਆ। ਇਸ ਤੋਂ ਇਲਾਵਾ ਦੇਸ਼ ਵਿਚ ਜ਼ਿਆਦਾ ਸੈਲਾਨੀਆਂ ਦੇ ਆਉਣ ਨਾਲ ਵੀ ਪਾਣੀ ਦੀ ਮੰਗ ਵਧ ਗਈ। ਇਸ ਸੋਕੇ ਨੇ ਕਿਸਾਨਾਂ ਲਈ ਇਕ ਐਮਰਜੈਂਸੀ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਅਤੇ ਪੀਣ ਵਾਲੇ ਪਾਣੀ ਦੀ ਕਮੀ ਦਾ ਖਤਰਾ ਵੀ ਵਧ ਗਿਆ ਹੈ। ਇਸ ਐਮਰਜੈਂਸੀ ਨਾਲ ਨਜਿੱਠਣ ਲਈ ਰਾਜ ਨੂੰ 8.65 ਮਿਲੀਅਨ ਯੂਰੋ ਦੀ ਮਦਦ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ। 
ਇਸ ਤੋਂ ਇਲਾਵਾ ਇਟਲੀ ਦੇ ਹੋਰ ਖੇਤਰਾਂ ਜਿਵੇਂ ਕੇ ਪੀਏਦਮੌਂਤ, ਕੰਪਾਨੀਆ ਅਤੇ ਸਰਦੇਨੀਆ ਵਿਚ ਵੀ ਪਾਣੀ ਦੀ ਕਮੀ ਦਾ ਖਤਰਾ ਪੈਦਾ ਹੋ ਗਿਆ ਹੈ। ਇੱਥੇ ਮਾਰਤੀਨਾ ਦੇ ਖੇਤਰ ਵਿਚ ਐਮਰਜੈਂਸੀ ਦੀ ਸਥਿਤੀ ਐਲਾਨ ਦਿੱਤੀ ਗਈ ਹੈ। ਰੋਮ ਦੀ ਮੇਅਰ ਵਰਜੀਨੀਆ ਰਾਜੀ ਨੇ ਨਾਗਰਿਕਾਂ ਨੂੰ ਆਪਣੇ ਘਰਾਂ ਦੇ ਬਗੀਚਿਆਂ, ਸਵੀਮਿੰਗ ਪੂਲ 'ਚ ਪਾਣੀ ਦੀ ਵਰਤੋਂ ਅਤੇ ਕਾਰਾਂ ਨੂੰ ਘੱਟ ਧੋਣ ਦੀ ਅਪੀਲ ਕੀਤੀ ਹੈ ਤਾਂ ਕਿ ਵੱਧ ਤੋਂ ਵੱਧ ਪਾਣੀ ਬਚਾ ਕੇ ਜ਼ਰੂਰੀ ਕੰਮਾਂ ਲਈ ਵਰਤੋਂ ਵਿਚ ਲਿਆਂਦਾ ਜਾ ਸਕੇ।