ਵਧਦੀ ਮਹਿੰਗਾਈ ਦੇ ਵਿਚਾਲੇ PDM ਨੇ ਇਮਰਾਨ ਸਰਕਾਰ ਖ਼ਿਲਾਫ਼ ਕੱਢੀ ਰੈਲੀ

11/15/2021 11:30:49 AM

ਇਸਲਾਮਾਬਾਦ- ਪਾਕਿਸਤਾਨ 'ਚ ਪ੍ਰਮੁੱਖ ਵਿਰੋਧੀ ਦਲਾਂ ਦੇ ਗਠਬੰਧਨ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (PDM) ਨੇ ਸ਼ਨੀਵਾਰ ਵਧਦੀ ਮਹਿੰਗਾਈ ਦੇ ਵਿਰੋਧ 'ਚ ਇਮਰਾਨ ਖ਼ਾਨ ਦੀ ਅਗਵਾਈ ਵਾਲੀ PTI ਸਰਕਾਰ ਦੇ ਖ਼ਿਲਾਫ਼ ਕਰਾਚੀ 'ਚ ਰੈਲੀ ਕੱਢੀ। PDM ਦੇ ਬੁਲਾਰਿਆਂ ਨੇ ਕਿਹਾ ਕਿ ਇਮਰਾਨ ਸਰਕਾਰ ਦੇਸ਼ ਦੀ ਪ੍ਰਭੂਸੱਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਸ ਸਮੇਂ ਬਹੁਤ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇ ਦੁਨੀਆ ਤੋਂ ਅਲੱਗ-ਥਲੱਗ ਹੋ ਚੁੱਕਾ ਹੈ।

ਡਾਨ ਦੀ ਰਿਪੋਰਟ ਦੇ ਮੁਤਾਬਕ ਕਰਾਚੀ ਦੇ ਰੀਗਲ ਚੌਕ 'ਤੇ ਆਯੋਜਿਤ ਇਸ ਰੈਲੀ 'ਚ PDM ਨੇਤਾਵਾਂ ਨੇ ਕਿਹਾ ਕਿ ਉਹ ਆਪਣੇ ਮੌਜੂਦਾ ਅੰਦੋਲਨ ਦੀ ਸਫਲਤਾ ਲਈ ਆਸਵੰਦ ਹਨ। ਉਨ੍ਹਾਂ ਨੇ ਕਾਰਜਕਰਤਾਵਾਂ ਤੇ ਸਮਰਥਕਾਂ ਨੂੰ ਦ੍ਰਿੜ ਤੇ ਇਕਜੁੱਟ ਰਹਿਣ ਨੂੰ ਕਿਹਾ ਹੈ। ਵਿਰੋਧੀ ਨੇਤਾਵਾਂ ਨੇ ਕਿਹਾ ਕਿ ਦੇਸ਼ ਦੀ ਖ਼ਰਾਬ ਹੁੰਦੀ ਸਥਿਤੀ ਨੇ 8 ਵਿਰੋਧੀ ਦਲਾਂ ਨੂੰ ਇਕਜੁੱਟ ਹੋਣ ਤੇ ਪਾਕਿਸਤਾਨ ਨੂੰ ਬਚਾਉਣ ਲਈ ਲੜਾਈ ਛੇੜਣ ਨੂੰ ਮਜਬੂਰ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੇ ਹਲ ਦਾ ਇਕੋ ਉਪਾਅ ਹੈ ਕਿ ਤੁਰੰਤ ਨਿਰਪੱਖ ਚੋਣਾਂ ਕਰਾਈਆਂ ਜਾਣ। ਜੇਕਰ ਅਜਿਹਾ ਨਹੀਂ ਹੋਇਆ ਤਾਂ ਗੱਸੇ 'ਚ ਆਈ ਜਨਤਾ ਇਮਰਾਨ ਸਰਕਾਰ ਨੂੰ ਹਟਾ ਦੇਵੇਗੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (PTI) ਦੀ ਸਰਕਾਰ ਦੀਆਂ ਅਸਫਲਤਾਵਾਂ ਨੂੰ ਗਿਣਵਾਉਂਦੇ ਹੋਏ PDM ਪ੍ਰਮੁੱਖ ਮੌਲਾਨਾ ਫਜ਼ਲ ਉਰ ਰਹਿਮਾਨ ਨੇ ਕਿਹਾ ਕਿ ਖ਼ਸਤਾਹਾਲ ਆਰਥਿਕ ਸਥਿਤੀ ਦੇ ਕਾਰਨ ਦੇਸ਼ 'ਚ ਖ਼ੁਦਕੁਸ਼ੀਆਂ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ।

Tarsem Singh

This news is Content Editor Tarsem Singh