ਬਰਾਈਟਨ ਵਿਖੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ

06/22/2017 7:24:03 PM

ਲੰਡਨ (ਮਨਦੀਪ ਖੁਰਮੀ)— ਇੰਗਲੈਂਡ ਦੇ ਦੱਖਣ ਵੱਲ ਵਸੇ ਹੋਏ ਬਰਾਈਟਨ ਸ਼ਹਿਰ 'ਚ ਬਣਾਈ ਗਈ ਯਾਦਗਾਰ ਵਿਖੇ ਪਹਿਲੀ ਸੰਸਾਰ ਜੰਗ ਸਮੇਂ ਸ਼ਹੀਦ ਹੋਏ ਬ੍ਰਿਟਿਸ਼ ਇੰਡੀਅਨ ਆਰਮੀ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਸਮੇਂ ਭਾਰਤੀ ਹਾਈ ਕਮਿਸ਼ਨਰ, ਜ਼ਿਲਾ ਪ੍ਰਸ਼ਾਸ਼ਨ, ਰੱਖਿਆ ਮਹਿਕਮਾ, ਵੱਖ-ਵੱਖ ਗੁਰਦਵਾਰਾ ਸਾਹਿਬਾਨਾਂ ਦੀਆਂ ਪ੍ਰਬੰਧਕੀ ਕਮੇਟੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਬਹੁਤ ਸਾਰੇ ਲੋਕਾਂ ਨੇ ਮਿਲ ਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਯਾਦ ਕੀਤਾ। 
ਇਸ ਸਮੇਂ ਸਭ ਤੋਂ ਪਹਿਲਾਂ ਗਰੰਥੀ ਸਿੰਘ ਵੱਲੋਂ ਅਰਦਾਸ, ਫਿਰ ਸ਼ਹੀਦਾਂ ਨੂੰ ਸਮਰਪਿਤ ਗੀਤ ਅਤੇ ਭਾਰਤੀ ਹਾਈ ਕਮਿਸ਼ਨਰ ਵਾਈ ਕੇ ਸਿਨਹਾ, ਲਾਰਡ ਲੈਫ. ਪੀਟਰ ਫਲਿਡ, ਬਰਾਈਟਨ ਦੀ ਮੇਅਰ ਮੋ ਮਾਰਸ਼, ਜਿਲਸ ਜੌਰਕ ਤੋਂ ਇਲਾਵਾ ਹੰਸਲੋ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਬਰਮਿੰਗਮ ਤੋਂ ਸਿੱਖ ਕਮਿਊਨਿਟੀ ਸੈਂਟਰ ਐਂਡ ਸਿੱਖ ਯੂਥ ਸਰਵਿਸਜ਼ ਵੱਲੋਂ ਦਲ ਸਿੰਘ ਢੇਸੀ, ਰਣਵੀਰ ਸਿੰਘ ਵਿਰਦੀ, ਹੋਰ ਸਾਬਕਾ ਫੌਜੀ ਅਤੇ ਸ਼ਹੀਦ ਹੋਣ ਵਾਲੇ ਫੌਜੀਆਂ ਦੇ ਪਰਿਵਾਰਾਂ ਨੇ ਇਸ ਸ਼ਰਧਾਂਜਲੀ ਸਮਾਰੋਹ 'ਚ ਵੱਧ ਚੜ ਕੇ ਹਿੱਸਾ ਲਿਆ। ਸਿੱਖ ਫੌਜੀਆਂ ਬਾਰੇ ਇਟਲੀ 'ਚ ਖੋਜ ਭਰਪੂਰ ਕਿਤਾਬ ਛਪਵਾ ਰਹੇ ਬਲਵਿੰਦਰ ਸਿੰਘ ਚਾਹਲ ਵੀ ਇਸ ਸਮੇਂ ਉਚੇਚੇ ਤੌਰ ਤੇ ਸ਼ਾਮਲ ਸਨ। ਜਿਨ੍ਹਾਂ ਨੇ ਦੱਸਿਆ ਕਿ ਇੰਨੀ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਅਜਿਹੇ ਸਮਾਰੋਹਾਂ 'ਚ ਸ਼ਾਮਲ ਹੋਣਾ ਦੱਸਦਾ ਹੈ ਕਿ ਲੋਕ ਸ਼ਾਂਤੀ ਚਾਹੁੰਦੇ ਹਨ। ਸ਼ਾਂਤੀ ਲਈ ਲੜ ਕੇ ਮਰਨ ਵਾਲੇ ਲੋਕਾਂ ਲਈ ਮਸੀਹੇ ਹਨ, ਜਿਹਨਾਂ ਨੂੰ ਅੱਜ ਦੇ ਦਿਨ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ ਹਨ। ਛਤਰੀ ਮੈਮੋਰੀਅਲ ਕਮੇਟੀ ਦੇ ਮੈਂਬਰ ਦਵਿੰਦਰ ਸਿੰਘ ਢਿੱਲੋਂ ਵੱਲੋਂ ਇਸ ਸਮਾਰੋਹ ਦਾ ਆਯੋਜਨ ਬਹੁਤ ਵਧੀਆ ਢੰਗ ਨਾਲ ਉਲੀਕਿਆ ਗਿਆ ਸੀ।