ਪੁੱਤ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਰੋਂਦੇ ਮਾਪਿਆਂ ਨੇ ਕਿਹਾ- ਬਸ ਯਾਦਾਂ ਹੀ ਕੋਲ ਰਹਿ ਗਈਆਂ

Monday, Apr 16, 2018 - 05:18 PM (IST)

ਸਸਕੈਚਵਾਨ— ਕੈਨੇਡਾ ਦੇ ਸੂਬੇ ਸਸਕੈਚਵਾਨ 'ਚ ਜੂਨੀਅਨ ਹਾਕੀ ਖਿਡਾਰੀਆਂ ਦੀ ਹਾਦਸੇ ਦੀ ਸ਼ਿਕਾਰ ਹੋਈ ਬੱਸ ਨੇ ਕਈ ਮਾਂਵਾਂ ਤੋਂ ਪੁੱਤ ਖੋਹ ਲਏ, ਜਿਸ ਦੇ ਜ਼ਖਮ ਸ਼ਾਇਦ ਕਦੇ ਨਹੀਂ ਭਰਨਗੇ। ਇਸ ਬੱਸ ਹਾਦਸੇ ਵਿਚ ਇਕ 18 ਸਾਲਾ ਹਾਕੀ ਖਿਡਾਰੀ ਪਾਰਕਰ ਟੋਬੀਨ ਦੀ ਵੀ ਮੌਤ ਹੋ ਗਈ। ਟੋਬੀਨ ਅਲਬਰਟਾ ਦੇ ਟਾਊਨ ਸਟੋਨੀ ਪਲੇਨ ਦਾ ਰਹਿਣ ਵਾਲਾ ਸੀ। ਐਤਵਾਰ ਦੀ ਦੁਪਹਿਰ ਨੂੰ ਟੋਬੀਨ ਨੂੰ ਉਸ ਦੇ ਮਾਪਿਆਂ ਅਤੇ ਦੋਸਤਾਂ ਨੇ ਅੰਤਿਮ ਵਿਦਾਈ ਦਿੱਤੀ। 

PunjabKesari
ਟੋਬੀਨ ਉਨ੍ਹਾਂ 16 ਖਿਡਾਰੀਆਂ 'ਚੋਂ ਹੈ, ਜੋ ਕਿ ਹਾਦਸੇ 'ਚ ਮਾਰੇ ਗਏ। ਦੱਸਣਯੋਗ ਹੈ ਕਿ ਬੀਤੀ 6 ਅਪ੍ਰੈਲ 2018 ਨੂੰ ਕੈਨੇਡਾ ਦੇ ਸਸਕੈਚਵਾਨ ਵਿਚ ਹੁਮਬੋਲਟ ਬਰੋਨਕੋਸ ਟੀਮ ਦੀ ਬੱਸ ਦੀ ਇਕ ਸੈਮੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 16 ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਇਸ ਭਿਆਨਕ ਹਾਦਸੇ ਨੇ ਹਰ ਇਕ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਬੱਸ ਹਾਦਸੇ ਵਿਚ ਮਾਰੇ ਖਿਡਾਰੀ 16 ਤੋਂ 21 ਸਾਲ ਦੇ ਦਰਮਿਆਨ ਸਨ, ਜਿਨ੍ਹਾਂ ਨੇ ਆਪਣੀ ਜਵਾਨੀ 'ਚ ਅਜੇ ਪੈਰ ਹੀ ਰੱਖਿਆ ਸੀ।

PunjabKesari
ਹਾਦਸੇ ਵਿਚ ਮਾਰੇ ਗਏ ਟੋਬੀਨ ਨੂੰ ਲੋਕਾਂ ਨੇ ਨਿੱਘੀ ਸ਼ਰਧਾਂਜਲੀ ਦਿੱਤੀ। ਹੁਮਬੋਲਟ ਬਰੋਨਕੋਸ ਟੀਮ ਦੇ ਖਿਡਾਰੀ ਵੀ ਟੋਬੀਨ ਨੂੰ ਅੰਤਿਮ ਵਿਦਾਈ ਦੇਣ ਲਈ ਆਏ। ਖਿਡਾਰੀਆਂ ਨੇ ਹੱਥਾਂ ਵਿਚ ਹਾਕੀ ਸਟਿਕਸ ਅਤੇ ਫੁੱਲ ਫੜੇ ਹੋਏ ਸਨ। ਟੋਬੀਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਹਰ ਕਿਸੇ ਦੀਆਂ ਅੱਖਾਂ 'ਚ ਹੰਝੂ ਸਨ। ਟੋਬੀਨ ਦੇ ਸਾਥੀ ਖਿਡਾਰੀਆਂ ਦਾ ਕਹਿਣਾ ਹੈ ਕਿ ਉਸ ਦਾ ਹਾਕੀ ਖੇਡਣ ਪ੍ਰਤੀ ਜਨੂੰਨ ਸੀ ਅਤੇ ਇਸ ਲਈ ਉਹ ਖੇਡ 'ਚ ਦੂਜੇ ਖਿਡਾਰੀਆਂ ਦੀ ਮਦਦ ਵੀ ਕਰਦਾ ਸੀ।

PunjabKesari

ਰੋਂਦੇ ਟੋਬੀਨ ਦਾ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਕੋਲ ਕੁਝ ਬਚਿਆ ਹੈ ਤਾਂ ਸਿਰਫ ਪੁੱਤ ਦੀ ਯਾਦਾਂ। ਸਟੋਨੀ ਪਲੇਨ ਟਾਊਨ ਦੇ ਸਥਾਨਕ ਲੋਕਾਂ ਨੇ ਟੋਬੀਨ ਦੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਦੁੱਖ ਦੀ ਇਸ ਘੜੀ ਵਿਚ ਉਨ੍ਹਾਂ ਨਾਲ ਹਨ।


Related News