ਸਕਾਟਲੈਂਡ ਦੇ ਗੁਰੂਘਰਾਂ ''ਚ ਮਨਾਇਆ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ

12/01/2020 8:24:29 AM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਦੇ ਦੌਰ ਵਿਚ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਦਾਇਰੇ ਅੰਦਰ ਰਹਿੰਦਿਆਂ ਸਕਾਟਲੈਂਡ ਦੇ ਵੱਖ-ਵੱਖ ਗੁਰੂਘਰਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਆਯੋਜਿਤ ਹੋਏ। ਸੰਗਤਾਂ ਵੀ ਬੇਹੱਦ ਜਾਬਤੇ ਦਾ ਸਬੂਤ ਦਿੰਦੀਆਂ ਗੁਰੂਘਰਾਂ ਵਿਚ ਮੱਥਾ ਟੇਕਣ ਉਪਰੰਤ ਘਰਾਂ ਨੂੰ ਚਾਲੇ ਪਾਉਂਦੀਆਂ ਰਹੀਆਂ ਤਾਂ ਹੋਰ ਸੰਗਤਾਂ ਗੁਰੂਘਰਾਂ ਅੰਦਰ ਵਾਰੀ ਸਿਰ ਦਾਖਲ ਹੁੰਦੀਆਂ ਰਹਿਣ।

 

ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਵਜੋਂ ਜਾਣੇ ਜਾਂਦੇ ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ ਵਿਖੇ ਰਾਗੀ ਸਿੰਘਾਂ ਵੱਲੋਂ ਰਸਭਿੰਨੇ ਕੀਰਤਨ ਅਤੇ ਬਾਣੀ ਦਾ ਪ੍ਰਵਾਹ ਨਿਰੰਤਰ ਜਾਰੀ ਰਿਹਾ। ਇਸ ਸਮੇਂ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਸ੍ਰ: ਸੁਰਜੀਤ ਸਿੰਘ ਚੌਧਰੀ, ਬਖਸ਼ੀਸ਼ ਸਿੰਘ ਦੀਹਰੇ, ਜਸਪਾਲ ਸਿੰਘ ਖਹਿਰਾ ਤੇ ਨਿਰੰਜਨ ਸਿੰਘ ਬਿਨਿੰਗ ਵੱਲੋਂ ਆਪਣੇ ਸੰਬੋਧਨ ਦੌਰਾਨ ਜਿੱਥੇ ਸਮੁੱਚੇ ਜਗਤ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ, ਉੱਥੇ ਦੁਨੀਆ ਭਰ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੀ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਕਿਹਾ ਕਿ ਬੇਸ਼ੱਕ ਕੋਰੋਨਾ ਦੇ ਦੌਰ ਵਿਚ ਅਸੀਂ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬਾਨਾਂ ਵਿਖੇ ਨਹੀਂ ਆ ਸਕਦੇ ਪਰ ਸੰਗਤਾਂ ਘਰਾਂ ਵਿਚ ਆਪਣੇ ਪਰਿਵਾਰ ਦੀ ਹਾਜ਼ਰੀ ਵਿਚ ਬਾਣੀ ਦਾ ਜਾਪ ਕਰਕੇ ਇਸ ਦਿਹਾੜੇ ਨੂੰ ਯਾਦਗਾਰੀ ਬਣਾਉਣ।

 

Lalita Mam

This news is Content Editor Lalita Mam