ਜਵਾਨ ਪੁੱਤ ਦੇ ਸਸਕਾਰ 'ਤੇ ਅਮਰੀਕਾ ਗਏੇ ਮਾਂ-ਬਾਪ, ਭੈਣ ਨਹੀਂ ਦੇਖ ਸਕੇਗੀ ਆਖਰੀ ਵਾਰ ਭਰਾ ਦਾ ਮੂੰਹ

11/21/2017 4:03:16 PM

ਵਾਸ਼ਿੰਗਟਨ—ਫਗਵਾੜੇ ਦੇ ਪਿੰਡ ਖੋਥੜਾਂ ਦੇ ਧਰਮਪ੍ਰੀਤ ਸਿੰਘ ਜੱਸੜ ਨੂੰ ਪਿਛਲੇ ਹਫਤੇ ਅਮਰੀਕਾ 'ਚ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਅੰਤਿਮ ਸੰਸਕਾਰ ਅਮਰੀਕਾ 'ਚ ਹੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਧਰਮਪ੍ਰੀਤ ਨੂੰ ਇਕ ਪੰਜਾਬੀ ਨੇ ਹੀ ਗੋਲੀਆਂ ਮਾਰੀਆਂ ਸਨ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਵਿਦੇਸ਼ ਮੰਤਰਾਲੇ ਦੇ ਸੱਦਣ 'ਤੇ ਸੋਮਵਾਰ ਨੂੰ ਦਿੱਲੀ ਪਹੁੰਚੇ ਮ੍ਰਿਤਕ ਦੇ ਪਿਤਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਨੂੰ ਵੀਜ਼ਾ ਮਿਲ ਗਿਆ ਹੈ। ਦੋਵੇਂ ਸੋਮਵਾਰ ਰਾਤ ਨੂੰ 10 ਵਜੇ ਦੀ ਫਲਾਈਟ ਰਾਹੀਂ ਰਵਾਨਾ ਹੋ ਗਏ। ਇਕ ਪਿਓ 'ਤੇ ਉਸ ਸਮੇਂ ਕੀ ਬੀਤਦੀ ਹੈ ਜਦ ਉਸ ਨੂੰ ਆਪਣੇ ਹੀ ਜਵਾਨ ਪੁੱਤ ਦੀ ਲਾਸ਼ ਨੂੰ ਮੋਢਾ ਦੇਣਾ ਪਵੇ, ਇਨ੍ਹਾਂ ਨੂੰ ਸ਼ਬਦਾਂ 'ਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਧਰਮਪ੍ਰੀਤ ਦੀ ਬੇਵਕਤੀ ਮੌਤ ਨੇ ਪਰਿਵਾਰ ਦਾ ਲੱਕ ਤੋੜ ਦਿੱਤਾ ਹੈ। 
ਧਰਮਪ੍ਰੀਤ ਦੇ ਪਿਤਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੇਕਰ ਅਮਰੀਕੀ ਅੰਬੈਸੀ ਨੇ ਉਨ੍ਹਾਂ ਨੂੰ ਇੰਨੀ ਜਲਦੀ ਵੀਜ਼ਾ ਦਿੱਤਾ ਹੈ ਤਾਂ ਉਹ ਵਿਦੇਸ਼ ਮੰਤਰੀ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ। ਧਰਮਪ੍ਰੀਤ ਦੀ ਭੈਣ ਅਮਨਦੀਪ ਕੌਰ ਨੂੰ ਫਿਲਹਾਲ ਵੀਜ਼ਾ ਨਹੀਂ ਮਿਲਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਸ ਨੂੰ ਵੀ ਵੀਜ਼ਾ ਮਿਲ ਜਾਵੇ ਤੇ ਉਹ ਆਖਰੀ ਵਾਰ ਆਪਣੇ ਭਰਾ ਦਾ ਚਿਹਰਾ ਦੇਖ ਸਕੇ ਤੇ ਉਸ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋ ਸਕੇ।