ਚੱਪਲਾਂ ਪਾ ਕੇ ਮੈਰਾਥਨ ''ਚ ਦੌੜਿਆ ਪੰਜਾਬੀ, ਤੋੜਿਆ ਵਿਸ਼ਵ ਰਿਕਾਰਡ (ਦੇਖੋ ਤਸਵੀਰਾਂ)

02/28/2017 4:18:14 PM

ਲੰਡਨ— ਨਵੀਆਂ ਮੱਲਾਂ ਮਾਰਨ ਵਾਲੇ ਪੰਜਾਬੀ ਅਕਸਰ ਹਰ ਖੇਤਰ ਵਿਚ ਮੋਹਰੀ ਰਹਿੰਦੇ ਹਨ। ਇਸੇ ਲੜੀ ਵਿਚ ਲੰਡਨ ਦੇ ਹੇਜ਼ ਵਿਖੇ ਰਹਿਣ ਵਾਲੇ ਪ੍ਰਦੀਪ ਮਿਨਹਾਸ ਨੇ ਚੱਪਲਾਂ ਪਾ ਕੇ ਮੈਰਾਥਨ ਦੌੜਨ ਦਾ ਵਿਸ਼ਵ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਦੋ ਬੱਚਿਆਂ ਦੇ ਪਿਤਾ ਪ੍ਰਦੀਪ ਨੇ ਚੱਪਲਾਂ ਪਾ ਕੇ ਦੌੜਦੇ ਹੋਏ 1 ਘੰਟੇ 37 ਮਿੰਟਾਂ ਅਤੇ 58 ਸਕਿੰਟਾਂ ਵਿਚ ਹਲਿੰਗਟਨ ਹਾਫ ਮੈਰਾਥਨ ਪੂਰੀ ਕੀਤੀ, ਜਦੋਂ ਕਿ ਇਸ ਤੋਂ ਪਹਿਲਾਂ ਚੱਪਲਾਂ ਪਾ ਕੇ ਮੈਰਾਥਨ ਦੌੜਨ ਦਾ ਵਿਸ਼ਵ ਰਿਕਾਰਡ 1 ਘੰਟੇ, 40 ਮਿੰਟਾਂ ਅਤੇ 57 ਸਕਿੰਟਾਂ ਦਾ ਸੀ। ਇਸ ਤਰ੍ਹਾਂ ਉਸ ਨੇ ਵਿਸ਼ਵ ਰਿਕਾਰਡ ਤੋਂ ਤਿੰਨ ਮਿੰਟ ਪਹਿਲਾਂ ਹੀ ਇਹ ਦੌੜ ਪੂਰੀ ਕਰ ਲਈ। ਪ੍ਰਦੀਪ ਚੱਪਲਾਂ ਪਾ ਕੇ ਮੈਰਾਥਨ ਦੌੜ ਵਿਚ ਹਿੱਸਾ ਲੈਣ ਦੀ ਚੁਣੌਤੀ ਨੂੰ ਲੈ ਕੇ ਕਾਫੀ ਖੁਸ਼ ਸੀ। 
ਉਸ ਨੇ ਅਪਾਹਜਾਂ ਦੀ ਮਦਦ ਲਈ ਫੰਡ ਇਕੱਠਾ ਕਰਨ ਕਰਨ ਵਾਲੀ ਸਮਾਜ ਸੇਵੀ ਸੰਸਥਾ ਰੇਵੀਟਾਈਲਜ਼ ਵੱਲੋਂ ਇਸ ਮੈਰਾਥਨ ਵਿਚ ਹਿੱਸਾ ਲਿਆ ਸੀ। ਪ੍ਰਦੀਪ ਨੇ ਕਿਹਾ ਕਿ ਵਿਸ਼ਵ ਰਿਕਾਰਡ ਤੋੜਨਾ ਉਸ ਲਈ ਬਹੁਤ ਵੱਡੀ ਉਪਲਬੱਧੀ ਹੈ। ਉਸ ਨੇ ਇਸ ਦੌੜ ਦਾ ਰਿਕਾਰਡ ਸਬੂਤ ਗਿਨੀਜ਼ ਬੁੱਕ ਆਫ ਰਿਕਾਰਡ ਵਿਚ ਦਰਜ ਹੋਣ ਲਈ ਭੇਜਿਆ ਹੈ। ਇਸ ਸਾਲ ਹਲਿੰਗਟਨ ਹਾਫ ਮੈਰਾਥਨ (10 ਕਿਲੋਮੀਟਰ) ਦੀ ਦੌੜ ਵਿਚ 625 ਦੌੜਾਕਾਂ ਨੇ ਹਿੱਸਾ ਲਿਆ ਸੀ।

Kulvinder Mahi

This news is News Editor Kulvinder Mahi