ਜੇਬ ''ਚ 8 ਡਾਲਰ ਲੈ ਕੇ ਵਿਦੇਸ਼ ਗਿਆ ਸਿੰਘ, ਕੈਨੇਡਾ ''ਚ ਇਸ ਤਰ੍ਹਾਂ ਬਣਿਆ ''ਖੀਰਿਆਂ ਦੀ ਖੇਤੀ ਦਾ ਕਿੰਗ'' (ਦੇਖੋ ਤਸਵੀਰਾਂ)

10/20/2016 9:00:36 AM

 ਟੋਰਾਂਟੋ— 35 ਸਾਲ ਪਹਿਲਾਂ ਜੇਬ ਵਿਚ 8 ਡਾਲਰ ਅਤੇ ਅੱਖਾਂ ਵਿਚ ਕਈ ਵੱਡੇ-ਵੱਡੇ ਸੁਪਨੇ ਲੈ ਕੇ ਵਿਦੇਸ਼ ਗਿਆ ਪਰਮਜੀਤ ਸਿੰਘ ਮਿਨਹਾਸ ਕੈਨੇਡਾ ਵਿਚ ਹੁਣ ਜਾਣਿਆ-ਪਛਾਣਿਆ ਨਾਂ ਹੈ ਅਤੇ ਖੇਤੀਬਾੜੀ ਹੀ ਉਨ੍ਹਾਂ ਦੀ ਮੁੱਖ ਪਛਾਣ ਹੈ। 1981 ਵਿਚ ਪੰਜਾਬ ਦੇ ਆਦਮਪੁਰ ਦੇ ਨੇੜੇ ਸਥਿਤ ਪਿੰਡ ਕੋਝਾ ਤੋਂ ਕੈਨੇਡਾ ਦੇ ਟੋਰਾਂਟੋ ਪੁੱਜੇ ਮਿਨਹਾਸ ਨੂੰ ਇੱਥੇ ਹੁਣ ''ਕੂਕੁੰਬਰ ਕਿੰਗ'' ਯਾਨੀ ਕਿ ''ਖੀਰਿਆਂ ਦੀ ਖੇਤੀ ਦੇ ਰਾਜੇ'' ਵਜੋਂ ਜਾਣਿਆ ਜਾਂਦਾ ਹੈ। ਟੋਰਾਂਟੋ ਦੇ ਨੇੜੇ ਹੈਮਿਲਟਨ ਵਿਖੇ ਉਸ ਦੀ 130 ਏਕੜ ਦੀ ਜ਼ਮੀਨ ''ਚੋਂ 12 ਏਕੜ ਵਿਚ ਖੀਰੇ ਬੀਜੇ ਹੋਏ ਹਨ। ਖੀਰਿਆਂ ਦੀ ਖੇਤੀ ਇੱਥੇ ਗ੍ਰੀਨ ਹਾਊਸ ਖੇਤਾਂ ਵਿਚ ਕੀਤੀ ਜਾਂਦੀ ਹੈ। ਮਿਨਹਾਸ ਦੇ ਗ੍ਰੀਨ ਹਾਊਸ ਖੇਤਾਂ ''ਚੋਂ ਹਰ ਸਾਲ ਲਗਭਗ 700000 ਖੀਰਿਆਂ ਦੀ ਖੇਤੀ ਹੁੰਦੀ ਹੈ, ਜੋ ਕੈਨੇਡਾ ਦੇ ਵਾਲਮਾਰਟ, ਕੋਸਟਕੋ, ਮੈਟਰੋ, ਸੋਬੇਜ਼ ਅਤੇ ਲੋਬਲੋਜ਼ ਵਰਗੇ ਵੱਡੇ ਸਟੋਰਾਂ ਵਿਚ ਵੇਚਣ ਲਈ ਭੇਜੇ ਜਾਂਦੇ ਹਨ। 

ਮਿਨਹਾਸ ਨੇ ਦੱਸਿਆ ਕਿ ਜਦੋਂ ਉਹ ਕੈਨੇਡਾ ਆਇਆ ਸੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਖੀਰਿਆਂ ਦੇ ਖੇਤਾਂ ਵਿਚ ਮਿਲਿਆ ਸੀ। ਉੱਥੇ ਉਨ੍ਹਾਂ ਨੇ ਕੁਝ ਸਾਲਾਂ ਤੱਕ ਕੰਮ ਕੀਤਾ ਅਤੇ ਖੇਤੀਬਾੜੀ ਵਿਚ ਉਨ੍ਹਾਂ ਦਾ ਮਨ ਲਗ ਗਿਆ। ਮਾਲਕ ਵੱਲੋਂ ਕੰਮ ਤੋਂ ਕੱਢੇ ਜਾਣ ਤੋਂ ਬਾਅਦ ਮਿਨਹਾਸ ਨੇ ਠੇਕੇ ''ਤੇ ਖੀਰਿਆਂ ਦਾ ਖੇਤ ਲੈ ਲਿਆ। ਕੂਕੁੰਬਰ ਕਿੰਗ ਬਣਨ ਵੱਲ ਇਹ ਉਨ੍ਹਾਂ ਦਾ ਪਹਿਲਾਂ ਕਦਮ ਸੀ। ਅੱਜ ਉਨ੍ਹਾਂ ਦੇ ਖੀਰਿਆਂ ਦੇ ਖੇਤਾਂ ''ਚੋਂ ਸਾਲਾਨਾ 4.5 ਮਿਲੀਅਨ ਡਾਲਰ ਦੀ ਆਮਦਨੀ ਹੁੰਦੀ ਹੈ। ਖੇਤੀਬਾੜੀ ਨੂੰ ਮੁਨਾਫੇ ਦਾ ਧੰਦਾ ਸਮਝਦੇ ਹੋਏ ਉਨ੍ਹਾਂ ਦੇ ਦੋਵੇਂ ਪੁੱਤਰ ਵੀ ਇਸ ਖੇਤਰ ਵਿਚ ਆ ਗਏ ਹਨ ਅਤੇ ਉਨ੍ਹਾਂ ਨੇ ਮਿਲ ਕੇ ਛੇ ਏਕੜ ਹੋਰ ਖੇਤਰ ''ਤੇ ਖੀਰਿਆਂ ਦੀ ਖੇਤੀ ਲਈ ਗ੍ਰੀਨ ਹਾਊਸ ਫਾਰਮ ਲਗਾ ਦਿੱਤਾ ਹੈ। ਮਿਨਹਾਸ ਨੇ ਦੱਸਿਆ ਕਿ ਖੀਰਿਆਂ ਦੀ ਖੇਤੀ ਸਿਰਫ ਗ੍ਰੀਨ ਹਾਊਸ ਖੇਤਾਂ ਵਿਚ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਲਈ ਸਿਰਫ 21 ਤੋਂ 22 ਡਿਗਰੀ ਤਾਪਤਾਨ ਅਤੇ ਡਰਿੱਪ ਸਿੰਚਾਈ (ਬੂੰਦ-ਬੂੰਦ ਸਿੰਚਾਈ ਪ੍ਰਣਾਲੀ) ਦੀ ਲੋੜ ਹੁੰਦੀ ਹੈ। ਮਿਨਹਾਸ ਦੇ ਗ੍ਰੀਨ ਹਾਊਸ ਖੇਤ ਕੈਨੇਡਾ ਵਿਚ ਇੰਨੇਂ ਪ੍ਰਸਿੱਧ ਹਨ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕੋਈ ਵੀ ਖੇਤੀਬਾੜੀ ਮਾਹਰ ਕੈਨੇਡਾ ਜਾਂਦਾ ਹੈ ਤਾਂ ਟੋਰਾਂਟੋ ਸਥਿਤ ਮਿਨਹਾਸ ਦੇ ਖੇਤਾਂ ਦਾ ਦੌਰਾ ਜ਼ਰੂਰ ਕਰਦਾ ਹੈ। ਮਿਨਹਾਸ ਦਾ ਕਹਿਣਾ ਹੈ ਕਿ ਪੰਜਾਬ ਵਿਚ ਧਰਤੀ ਹੇਠਾਂ ਡਿੱਗਦੇ ਹੋਏ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਇੱਥੋਂ ਦੇ ਕਿਸਾਨਾਂ ਨੂੰ ਵੀ ਡਰਿੱਪ ਸਿੰਚਾਈ ਦੀ ਸਹਾਇਤਾ ਲੈਣੀ ਚਾਹੀਦੀ ਹੈ ਅਤੇ ਅਨਾਜ ਦੀ ਥਾਂ ਹੋਰ ਸਬਜ਼ੀਆਂ ਦੀ ਖੇਤੀ ਕਰਨ ਨੂੰ ਤਵੱਜੋ ਦੇਣੀ ਚਾਹੀਦੀ ਹੈ। ਮਿਨਹਾਸ ਨੇ ਕਿਹਾ ਕਿ ਚਾਹੇ ਕੈਨੇਡਾ ਵਿਚ ਉਨ੍ਹਾਂ ਨੇ ਸ਼ੌਹਰਤ ਦਾ ਆਸਮਾਨ ਦੇਖਿਆ ਹੈ ਪਰ ਉਹ ਪੰਜਾਬ ਦੇ ਕਿਸਾਨਾਂ ਲਈ ਕੁਝ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਇੱਥੇ ਡਿੱਗਦੇ ਹੋਏ ਪਾਣੀ ਦੇ ਮਿਆਰ ਅਤੇ ਪਰਵਾਸੀ ਭਾਰਤੀਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਕਰਕੇ ਕੋਈ ਵੀ ਐੱਨ. ਆਰ. ਆਈ. ਨਿਵੇਸ਼ ਕਰਨ ਤੋਂ ਡਰਦਾ ਹੈ।

Kulvinder Mahi

This news is News Editor Kulvinder Mahi