ਫੁੱਟਬਾਲਰ ਮਾਰਟਿਨ ਦੀ ਹਿੰਮਤ ਅਤੇ ਜਨੂੰਨ ਭਰੀ ਕਹਾਣੀ, ਲੋਕ ਕਰਦੇ ਦੇ ਸਲਾਮਾਂ

03/13/2018 5:20:34 PM

ਦੱਖਣੀ ਆਸਟ੍ਰੇਲੀਆ— ਇਨਸਾਨ ਦੀ ਜ਼ਿੰਦਗੀ 'ਚ ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਆਉਂਦੇ ਹਨ। ਦੁੱਖਾਂ-ਤਕਲੀਫਾਂ ਨਾਲ ਲੜਨ ਵਾਲਾ ਇਨਸਾਨ ਹੀ ਅੱਗੇ ਵਧਦਾ ਹੈ। ਕੁਝ ਅਜਿਹੀ ਹੀ ਜਨੂੰਨ ਭਰੀ ਕਹਾਣੀ ਹੈ ਫੁੱਟਬਾਲਰ ਟਾਈ ਮਾਰਟਿਨ-ਪੇਜ ਦੀ, ਜੋ ਕਿ ਦੱਖਣੀ ਆਸਟ੍ਰੇਲੀਆ ਦੇ ਲੌਰਾ ਦਾ ਰਹਿਣ ਵਾਲਾ ਹੈ। 6 ਜਨਵਰੀ ਨੂੰ ਡਾਰਵਿਨ 'ਚ ਫੁੱਟਬਾਲ ਮੈਚ ਦੌਰਾਨ ਉਸ ਦੀ ਮੈਦਾਨ 'ਤੇ ਸਾਥੀ ਖਿਡਾਰੀ ਨਾਲ ਟੱਕਰ ਹੋ ਗਈ ਸੀ ਅਤੇ ਉਹ ਮੈਦਾਨ 'ਤੇ ਡਿੱਗ ਪਿਆ। ਜਿਸ ਕਾਰਨ ਉਸ ਦਾ ਖੱਬਾ ਪਾਸਾ ਲਕਵਾਗ੍ਰਸਤ ਹੋ ਗਿਆ। ਪਰਥ 'ਚ ਉਸ ਦੀ ਸਰਜਰੀ ਹੋਈ। ਮਾਰਟਿਨ ਜਦੋਂ  ਜਾਗਿਆ ਤਾਂ ਲੱਤਾਂ ਅਤੇ ਬਾਹਾਂ ਨੂੰ ਹਿੱਲਾ ਤੱਕ ਨਹੀਂ ਸਕਦਾ ਸੀ। ਹੌਲੀ-ਹੌਲੀ ਉਸ ਦੇ ਸਰੀਰ 'ਚ ਕੁਝ ਜਾਨ ਪਈ ਅਤੇ ਉਸ ਨੇ ਹਿੰਮਤ ਨਹੀਂ ਹਾਰੀ।


ਮਾਰਟਿਨ ਤੁਰ-ਫਿਰ ਨਹੀਂ ਸਕਦਾ ਅਤੇ ਉਸ ਨੇ ਫੈਸਲਾ ਕੀਤਾ ਕਿ ਉਹ ਖੇਡ ਦੇ ਮੈਦਾਨ 'ਚ ਮੁੜ ਉਤਰੇਗਾ। ਉਸ ਨੇ ਸੋਚ ਲਿਆ ਕਿ ਉਹ ਆਪਣੀ ਜ਼ਿੰਦਗੀ ਦੀ ਸਭ ਤੋਂ ਮੁਸ਼ਕਲ ਜੰਗ ਨੂੰ ਲੜੇਗਾ। ਮਾਰਟਿਨ ਹੁਣ ਘਰ ਚਲਾ ਗਿਆ ਹੈ ਅਤੇ ਉਸ ਦੀਆਂ ਬਾਹਾਂ ਅਤੇ ਲੱਤਾਂ ਨੇ ਕੁਝ ਹਰਕਤ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਰਟਿਨ ਨੇ ਬਹੁਤ ਸਾਰਾ ਸਮਾਂ ਰਾਇਲ ਐਡੀਲੇਡ ਹਸਪਤਾਲ 'ਚ ਬਿਤਾਇਆ। ਮਾਰਟਿਨ ਨਾਲ ਹਾਦਸਾ ਵਾਪਰਿਆ 2 ਮਹੀਨੇ ਬੀਤ ਗਏ ਹਨ। 


27 ਸਾਲਾ ਮਾਰਟਿਨ ਵ੍ਹੀਲ ਚੇਅਰ 'ਤੇ ਬੈਠੇ-ਬੈਠੇ ਹੀ ਕਸਤਰ ਕਰਦਾ ਹੈ। ਉਹ ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਤੰਦਰੁਸਤ ਕਰ ਰਿਹਾ ਹੈ, ਤਾਂ ਕਿ ਉਹ ਮੁੜ ਤੁਰ ਸਕੇ। ਓਧਰ ਐਸੋਸੀਏਸ਼ਨ ਪ੍ਰ੍ਰੋਫੈਸਰ ਰਾਊਤ ਨੇ ਕਿਹਾ ਕਿ ਉਹ ਬਹੁਤ ਹੀ ਫਿੱਟ ਅਤੇ ਖੇਡ ਨੂੰ ਲੈ ਕੇ ਉਤਸੁਕ ਹੈ। ਮਾਰਟਿਨ ਮੁੜ ਤੁਰਨ ਲਈ ਆਪਣੀ ਜ਼ਿੰਦਗੀ ਦੀ ਲੜਾਈ ਨੂੰ ਲੜ ਰਿਹਾ ਹੈ। ਇਸ ਲਈ ਮਾਰਟਿਨ ਨੂੰ ਜਿਮ ਸੈਸ਼ਨ ਅਤੇ ਸਰੀਰਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਮਾਰਟਿਨ ਦਾ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ ਦਾ ਇਕੋ-ਇਕ ਉਦੇਸ਼ ਹੈ ਕਿ ਉਹ ਮੁੜ ਤੋਂ ਫੁੱਟਬਾਲ ਖੇਡੇ, ਜਿਸ ਲਈ ਲੋਕ ਉਸ ਦੀ ਮਦਦ ਵੀ ਕਰ ਰਹੇ ਹਨ। ਮਾਰਟਿਨ ਪੇਜ ਨੇ ਕਿਹਾ ਕਿ ਉਸ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ।

ਤਕਰੀਬਨ 110,000 ਡਾਲਰ ਮੈਡੀਕਲ ਲਈ ਆਨਲਾਈਨ ਮਦਦ ਮਿਲੀ ਹੈ। ਮਾਰਟਿਨ ਦਾ ਕਹਿਣਾ ਹੈ ਕਿ ਉਸ ਨੂੰ ਪੱਕਾ ਯਕੀਨ ਹੈ ਕਿ ਉਸ ਦਾ ਖੇਡ ਕਰੀਅਰ ਖਤਮ ਨਹੀਂ ਹੋਇਆ। ਉਹ ਮੁੜ ਤੋਂ ਤੰਦਰੁਸਤ ਹੋ ਜਾਵੇਗਾ ਅਤੇ ਪੂਰੇ ਜੋਸ਼ ਨਾਲ ਖੇਡੇਗਾ। ਉਸ ਦਾ ਹਰ ਕਿਸੇ ਲਈ ਸੰਦੇਸ਼ ਹੈ ਕਿ ਜ਼ਿੰਦਗੀ 'ਚ ਕਦੇ ਵੀ ਹਾਰ ਨਾ ਮੰਨੋ। ਲੋਕ ਉਸ ਦੀ ਹਿੰਮਤ ਨੂੰ ਸਲਾਮ ਕਰ ਰਹੇ ਹਨ।