ਆਸਟ੍ਰੇਲੀਆ : ਹਾਦਸੇ ਦਾ ਸ਼ਿਕਾਰ ਹੋਇਆ ਪੈਰਾਗਲਾਈਡਰ, ਮੌਤ

04/28/2019 12:25:35 PM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਦੱਖਣ 'ਚ ਇਕ ਚੱਟਾਨ ਨਾਲ ਟਕਰਾ ਜਾਣ ਕਾਰਨ ਇਕ ਪੈਰਾਗਲਾਈਡਰ ਦੀ ਮੌਤ ਹੋਣ ਦੀ ਖਬਰ ਮਿਲਣ ਮਗਰੋਂ ਸਥਾਨਕ ਪੁਲਸ ਲਾਸ਼ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਸਮੇਂ ਉਨ੍ਹਾਂ ਨੂੰ ਇਕ ਪ੍ਰਸਿੱਧ ਪੈਰਾਗਲਾਈਡਿੰਗ ਸਥਾਨ ਤੋਂ ਫੋਨ ਆਇਆ ਸੀ ਅਤੇ ਪਤਾ ਲੱਗਾ ਕਿ ਵਿਅਕਤੀ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ। ਉਹ ਚੱਟਾਨ ਨਾਲ ਟਕਰਾਇਆ ਅਤੇ ਲਗਭਗ 200 ਮੀਟਰ (650 ਫੁੱਟ) ਹੇਠਾਂ ਆ ਡਿੱਗਿਆ। ਪੁਲਸ ਨੇ ਦੱਸਿਆ ਕਿ ਖਰਾਬ ਰਾਹ ਅਤੇ ਘੱਟ ਰੌਸ਼ਨੀ ਕਾਰਨ ਉਨ੍ਹਾਂ ਨੂੰ ਅਜੇ ਤਕ ਲਾਸ਼ ਨਹੀਂ ਮਿਲੀ।

ਐਤਵਾਰ ਨੂੰ ਫਿਰ ਤੋਂ ਲਾਸ਼ ਲੱਭਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ। ਇਹ ਘਟਨਾ ਬਾਲਡ ਹਿੱਲ ਦੇ ਨੇੜੇ ਵਾਪਰੀ ਜੋ ਸਿਡਨੀ ਤੋਂ ਕੁਝ ਦੂਰੀ 'ਤੇ ਸਥਿਤ ਹੈ। ਸਥਾਨਕ ਮੀਡੀਆ ਨੇ ਖਬਰ ਦਿੱਤੀ ਕਿ ਇਸ ਗੱਲ ਦਾ ਖਦਸ਼ਾ ਹੈ ਕਿ ਵਿਅਕਤੀ ਉਡਾਣ ਭਰਨ ਦੇ ਬਾਅਦ ਚੱਟਾਨ 'ਤੇ ਵਾਪਸ ਆਇਆ ਹੋਵੇਗਾ। ਉਸ ਦੀ ਉਮਰ 50 ਸਾਲ ਜਤਾਈ ਜਾ ਰਹੀ ਹੈ।