ਇਕ ਵਾਰ ਫਿਰ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਪਾਪੁਆ ਨਿਊ ਗਿਨੀ

05/18/2019 11:29:15 AM

ਕੋਕੋਪੋ— ਪਾਪੁਆ ਨਿਊ ਗਿਨੀ 'ਚ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ।  ਸਥਾਨਕ ਸਮੇਂ ਮੁਤਾਬਕ ਸ਼ੁੱਕਵਾਰ ਰਾਤ ਦੇ 10.30 ਵਜੇ ਭੂਚਾਲ ਦੇ ਝਟਕੇ ਲੱਗੇ, ਜਿਨ੍ਹਾਂ ਦੀ ਤੀਬਰਤਾ 6.0 ਮਾਪੀ ਗਈ। ਜ਼ਮੀਨ 'ਚ ਇਸ ਦੀ ਡੂੰਘਾਈ 27.4 ਕਿਲੋਮੀਟਰ ਤਕ ਮਾਪੀ ਗਈ। ਹਾਲਾਂਕਿ ਇਸ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਪਰ ਲੋਕਾਂ 'ਚ ਡਰ ਦਾ ਮਾਹੌਲ ਹੈ।

ਪਾਪੁਆ ਨਿਊ ਗਿਨੀ 'ਚ ਇਕ ਹਫਤੇ ਦੇ ਅੰਦਰ-ਅੰਦਰ 3 ਵਾਰ ਭੂਚਾਲ ਦੇ ਝਟਕੇ ਲੱਗੇ ਹਨ। ਪਹਿਲਾਂ 14 ਮਈ ਨੂੰ ਇੱਥੇ 7.5 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ। ਇਸ ਮਗਰੋਂ 5.5 ਤੀਬਰਤਾ ਦੇ ਭੂਚਾਲ ਨਾਲ ਧਰਤੀ ਹਿੱਲੀ ਤੇ ਹੁਣ ਸ਼ੁੱਕਰਵਾਰ ਨੂੰ ਭੂਚਾਲ ਦੇ ਝਟਕੇ ਫਿਰ ਲੱਗੇ ਹਨ। 

ਪਿਛਲੇ ਸਾਲ ਇੱਥੇ 7.5 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ ਸਨ ਅਤੇ ਇਸ ਕਾਰਨ 100 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਾਫੀ ਨੁਕਸਾਨ ਹੋਇਆ ਸੀ। ਅਜੇ ਦੇਸ਼ ਉਸ ਨੁਕਸਾਨ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਵਾਰ-ਵਾਰ ਭੂਚਾਲ ਦੇ ਝਟਕੇ ਲੱਗਣ ਕਾਰਨ ਲੋਕ ਕਾਫੀ ਡਰ ਗਏ।