ਪਾਪੁਆ ਨਿਊ ਗਿਨੀ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ

05/07/2019 12:56:28 PM

ਪੋਰਟ ਮਰਸਬੀ— ਪਾਪੁਆ ਨਿਊ ਗਿਨੀ 'ਚ ਮੰਗਲਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਪਰ ਅਜੇ ਤਕ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 7.2 ਮਾਪੀ ਗਈ। ਭੂਚਾਲ ਸਥਾਨਕ ਸਮੇਂ ਮੁਤਾਬਕ ਸਵੇਰੇ 7.19 'ਤੇ ਆਇਆ ਜਿਸ ਦਾ ਕੇਂਦਰ ਬੁਲਾਲੋ ਸ਼ਹਿਰ ਦੇ ਉੱਤਰੀ-ਪੂਰਬ 'ਚ ਸਤ੍ਹਾ ਤੋਂ 33 ਕਿਲੋਮੀਟਰ ਦੀ ਡੂੰਘਾਈ 'ਚ ਸੀ। 

ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਅਤੇ ਨਾ ਹੀ ਸੁਨਾਮੀ ਨੂੰ ਲੈ ਕੇ ਕੋਈ ਚਿਤਾਵਨੀ ਜਾਰੀ ਕੀਤੀ ਗਈ। ਉਂਝ ਲੋਕ ਕਾਫੀ ਡਰ ਗਏ ਸਨ ਅਤੇ ਘਰਾਂ 'ਚੋਂ ਨਿਕਲ ਕੇ ਸੜਕਾਂ 'ਤੇ ਆ ਗਏ। ਲੋਕਾਂ ਨੇ ਦੱਸਿਆ ਕਿ ਝਟਕੇ ਬਹੁਤ ਤੇਜ਼ ਸਨ ਤੇ ਉਨ੍ਹਾਂ ਨੂੰ ਬਹੁਤ ਡਰ ਲੱਗ ਰਿਹਾ ਸੀ। ਸੋਸ਼ਲ ਮੀਡੀਆ 'ਤੇ ਭੂਚਾਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਸ਼ਾਪਿੰਗ ਮਾਲ ਤੇ ਸਟੋਰ ਮਾਲਕਾਂ ਨੇ ਦੱਸਿਆ ਕਿ ਭੂਚਾਲ ਕਾਰਨ ਉਨ੍ਹਾਂ ਦਾ ਕੱਚ ਦਾ ਮਹਿੰਗਾ ਸਮਾਨ ਟੁੱਟ ਗਿਆ, ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ।