ਆਸਟ੍ਰੇਲੀਆ ਦੇ ਗੁਆਂਢੀ ਦੇਸ਼ ''ਚ ਚੀਨ ਵੱਲੋਂ ਕੋਰੋਨਾ ਵੈਕਸੀਨ ਦਾ ਪਰੀਖਣ, ਪਿਆ ਬਖੇੜਾ

08/21/2020 6:31:15 PM

ਪੋਰਟ ਮੋਰਸਬੀ (ਬਿਊਰੋ): ਗਲੋਬਲ ਪੱਧਰ 'ਤੇ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਚੀਨ ਵੀ ਇਸ ਦੌੜ ਵਿਚ ਸ਼ਾਮਲ ਹੈ। ਹੁਣ ਚੀਨ ਦੀ ਇਕ ਮਾਈਨਿੰਗ ਕੰਪਨੀ ਨੇ ਪਾਪੂਆ ਨਿਊ ਗਿਨੀ ਵਿਚ ਆਪਣੇ ਟੀਕਾਕਰਨ ਟ੍ਰਾਇਲ ਵਿਚ ਕੋਵਿਡ-19 ਦੇ ਖਿਲਾਫ਼ ਕਰਮਚਾਰੀਆਂ ਦੀ ਇਮਿਊਨਿਟੀ ਵਧਣ ਦਾ ਦਾਅਵਾ ਕੀਤਾ ਹੈ।ਇਹ ਰਿਪੋਰਟ ਸ਼ੁੱਕਰਵਾਰ ਨੂੰ 'ਦੀ ਆਸਟ੍ਰੇਲੀਅਨ' ਨਾਮ ਦੀ ਅਖਬਾਰ ਵਿਚ ਵੀ ਪ੍ਰਕਾਸ਼ਿਤ ਹੋਈ ਹੈ। ਰਿਪੋਰਟ ਦੇ ਮੁਤਾਬਕ, ਪਾਪੂਆ ਨਿਊ ਗਿਨੀ ਦੇ ਸਿਹਤ ਮੰਤਰੀ ਜੇਲਟਾ ਵਾਂਗ ਨੇ ਕਿਹਾ ਕਿ ਸਿਹਤ ਮੰਤਰਾਲੇ ਮਾਈਨਿੰਗ ਕੰਪਨੀ (ਰਾਮੂ ਨਿਕੋ ਮੈਨੇਜਮੈਂਟ) ਦੇ ਇਸ ਦਾਅਵੇ ਦੀ ਜਾਂਚ ਕਰ ਰਿਹਾ ਹੈ। ਇਸ ਨੂੰ ਲੈਕੇ ਕਾਫੀ ਵਿਵਾਦ ਖੜ੍ਹਾ ਹੋ ਗਿਆ ਹੈ।

'ਨੈਸ਼ਨਲ ਪੈਡੇਮਿਕ ਰਿਸਪਾਂਸ ਕੰਟਰੋਲਰ' ਡੇਵਿਡ ਮੈਨਿੰਗ ਨੇ ਵੀਰਵਾਰ ਨੂੰ ਹੀ ਪਾਪੂਆ ਨਿਊ ਗਿਨੀ ਵਿਚ ਕੋਵਿਡ-19 ਵੈਕਸੀਨ 'ਤੇ ਹੋਣ ਵਾਲੇ ਟ੍ਰਾਇਲ ਜਾਂ ਟੈਸਟਿੰਗ ਨੂੰ ਬੈਨ ਕਰ ਦਿੱਤਾ ਸੀ। ਬਾਅਦ ਵਿਚ ਪਤਾ ਚੱਲਿਆ ਕਿ ਰਾਸ਼ਟਰੀ ਸਿਹਤ ਵਿਭਾਗ ਨੇ ਇੱਥੇ ਕਿਸੇ ਵੀ ਤਰ੍ਹਾਂ ਦੇ ਵੈਕਸੀਨ ਟ੍ਰਾਇਲ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਮੈਨਿੰਗ ਨੇ ਸ਼ੁੱਕਰਵਾਰ ਨੂੰ ਆਪਣੇ ਬਿਆਨ ਵਿਚ ਕਿਹਾ,''ਪਾਪੂਆ ਨਿਊ ਗਿਨੀ ਵਿਚ ਆਯਾਤ ਹੋਣ ਵਾਲੀ ਕਿਸੇ ਵੀ ਵੈਕਸੀਨ ਨੂੰ ਰਾਸ਼ਟਰੀ ਸਿਹਤ ਵਿਭਾਗ ਤੋਂ ਪ੍ਰਵਾਨਗੀ ਮਿਲਣੀ ਜ਼ਰੂਰੀ ਹੈ। ਟ੍ਰਾਇਲ ਦੇ ਸਾਰੇ ਜ਼ਰੂਰੀ ਪੜਾਆਂ, ਪ੍ਰੋਟੋਕਾਲ ਅਤੇ ਪ੍ਰਕਿਰਿਆਵਾਂ ਤੋਂ ਵੈਕਸੀਨ ਦਾ ਲੰਘਣਾ ਜ਼ਰੂਰੀ ਹੈ। ਨਾਲ ਹੀ ਉਹ ਵਿਸ਼ਵ ਸਿਹਤ ਸੰਗਠਨ ਤੋਂ ਪ੍ਰੀ ਕਵਾਲੀਫਾਈਡ ਹੋਣੀ ਚਾਹੀਦੀ ਹੈ।''

ਪਾਪੂਆ ਨਿਊ ਗਿਨੀ ਦੇ ਮਦਾਂਗ ਸ਼ਹਿਰ ਵਿਚ ਸਥਿਤ ਇਸ ਕੰਪਨੀ ਨਾਲ ਹਾਲੇ ਤੱਕ ਸੰਪਰਕ ਨਹੀਂ ਹੋ ਪਾਇਆ ਹੈ। ਕੰਪਨੀ ਦਾ ਇਕ 'ਵੈਕਸੀਨੇਸ਼ਨ ਸਟੇਟਮੈਂਟ' ਦਸਤਾਵੇਜ਼ ਦੱਸਦਾ ਹੈ ਕਿ ਇੱਥੇ 10 ਅਗਸਤ ਨੂੰ ਚੀਨ ਦੇ 48 ਕਰਮਚਾਰੀਆਂ 'ਤੇ ਸਾਰਸ ਕੋਵਿ-2 ਦੀ ਵੈਕਸੀਨ ਨੂੰ ਟੈਸਟ ਕੀਤਾ ਗਿਆ ਸੀ। ਰਿਪੋਰਟ ਦੇ ਮੁਤਾਬਕ, ਪਾਪੂਆ ਨਿਊ ਗਿਨੀ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਵੈਕਸੀਨੇਟ ਹੋਣ ਵਾਲੇ ਲੋਕਾਂ 'ਤੇ ਇਸ ਦੇ ਕਈ ਚੰਗੇ-ਬੁਰੇ ਨਤੀਜੇ ਹੋ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਕੋਰੋਨਾ ਵੈਕਸੀਨ ਦੇ ਬਿਹਤਰ ਨਤੀਜੇ, ਲੋਕਾਂ 'ਚ ਪੈਦਾ ਹੋਈ 5 ਗੁਣਾ ਇਮਿਊਨਿਟੀ

ਉੱਥੇ ਮੈਨਿੰਗ ਨੇ ਚੀਨ ਦੇ ਰਾਜਦੂਤ ਸ਼ਿਊ ਬਿੰਗ ਨੂੰ ਚਿੱਠੀ ਲਿਖ ਕੇ ਇਸ ਮਾਮਲੇ 'ਤੇ ਚੀਨੀ ਸਰਕਾਰ ਦੇ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ। ਆਸਟ੍ਰੇਲੀਆ, ਪਾਪੂਆ ਨਿਊ ਗਿਨੀ ਦਾ ਗੁਆਂਢੀ ਹੈ ਅਤੇ ਵਿਦੇਸ਼ੀ ਸਹਾਇਤਾ ਦਾ ਸਭ ਤੋਂ ਵੱਡਾ ਕੇਂਦਰ ਹੈ। ਦੀ ਆਸਟ੍ਰੇਲੀਅਨ ਦੀ ਰਿਪੋਰਟ ਦੇ ਮੁਤਾਬਕ, ਚੀਨ ਨੇ ਰਾਜ ਦੀ ਮਲਕੀਅਤ ਵਾਲੇ ਉਦਮਾਂ ਦੇ ਕਰਮਚਾਰੀਆਂ ਦੀ ਵਰਤੋਂ ਕਰਕੇ ਇਲਾਕੇ ਵਿਚ ਕੋਰੋਨਾ ਵੈਕਸੀਨ ਦਾ ਪਰੀਖਣ ਸ਼ੁਰੂ ਕੀਤਾ ਹੈ। ਆਸਟ੍ਰੇਲੀਆ ਦੀ ਸਰਕਾਰ ਨੇ ਇਸ ਮਾਮਲੇ 'ਤੇ ਜਲਦਬਾਜ਼ੀ ਵਿਚ ਕੋਈ ਬਿਆਨ ਨਹੀਂ ਦਿੱਤਾ ਹੈ। 

ਇੱਥੇ ਦੱਸ ਦਈਏ ਕਿ ਪਾਪੂਆ ਨਿਊ ਗਿਨੀ 90 ਲੱਖ ਲੋਕਾਂ ਦੀ ਆਬਾਦੀ ਵਾਲਾ ਇਕ ਗਰੀਬ ਦੇਸ਼ ਹੈ। ਇੱਥੇ ਜ਼ਿਆਦਾਤਰ ਲੋਕ ਖੇਤੀ 'ਤੇ ਨਿਰਭਰ ਹਨ। ਦੇਸ਼ ਵਿਚ ਹੁਣ ਤੱਕ ਕੋਵਿਡ-19 ਦੇ 361 ਮਾਮਲੇ ਦਰਜ ਕੀਤੇ ਗਏ ਹਨ, ਜਿਹਨਾਂ ਵਿਚੋਂ ਚਾਰ ਲੋਕਾਂ ਦੀ ਮੌਤ ਹੋਈ ਹੈ। ਭਾਵੇਕਿ ਪਿਛਲੇ ਇਕ ਮਹੀਨੇ ਤੋਂ ਇੱਥੇ ਕੋਰੋਨਾਵਾਇਰਸ ਦੇ ਮਾਮਲੇ ਕਾਫੀ ਤੇਜ਼ੀ ਨਾਲ ਵਧਣ ਲੱਗੇ ਹਨ। ਦੇਸ਼ ਦੀ ਰਾਜਧਾਨੀ ਪੋਰਟ ਮੋਰਸਬੀ ਵਿਚ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਕਰਫਿਊ ਲਗਾਇਆ ਗਿਆ ਹੈ। ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 2 ਕਰੋੜ 28 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿਚੋਂ 7 ਲੱਖ 97 ਹਜ਼ਾਰ ਤੋਂ ਵਧੇਰੇ ਦੀ ਮੌਤ ਹੋ ਚੁੱਕੀ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਪਰਿਵਾਰ ਨੂੰ ਖੋਦਾਈ ਦੌਰਾਨ ਮਿਲੇ 350,000 ਡਾਲਰ ਦੇ ਕੀਮਤੀ ਪੱਥਰ

Vandana

This news is Content Editor Vandana