ਪਾਪੁਆ ਨਿਊ ਗਿਨੀ ''ਚ ਆਏ ਭੂਚਾਲ ਕਾਰਨ 14 ਲੋਕਾਂ ਦੀ ਮੌਤ

02/27/2018 2:25:37 PM

ਸਿਡਨੀ(ਭਾਸ਼ਾ)— ਪ੍ਰਸ਼ਾਂਤ ਮਹਾਸਾਗਰ ਦੇਸ਼ ਪਾਪੁਆ ਨਿਊ ਗਿਨੀ ਵਿਚ ਕੱਲ ਭਾਵ ਸੋਮਵਾਰ ਨੂੰ ਭੂਚਾਲ ਦੇ ਸ਼ਕਤੀਸ਼ਾਲੀ ਝਟਕਿਆਂ ਨਾਲ ਹੋਈ ਜ਼ਮੀਨ ਖਿਸਕਣ ਦੀ ਘਟਨਾ ਅਤੇ ਇਮਾਰਤਾਂ ਢਹਿ ਜਾਣ ਕਾਰਨ 14 ਲੋਕਾਂ ਤੀ ਮੌਤ ਹੋ ਗਈ ਹੈ। ਉਥੇ ਹੀ ਗੈਰ ਅਧਿਕਾਰਤ ਸੂਤਰਾਂ ਨੇ ਮਰਨ ਵਾਲਿਆਂ ਦੀ ਗਿਣਤੀ 30 ਤੋਂ ਜ਼ਿਆਦਾ ਹੋਣ ਦਾ ਦਾਅਵਾ ਕੀਤਾ ਹੈ। ਕੱਲ ਸਵੇਰੇ ਆਏ 7.5 ਤੀਬਰਤਾ ਵਾਲੇ ਭੂਚਾਲ ਦੇ ਕੇਂਦਰ ਨੇੜੇ ਸਥਿਤ ਐਕਸੋਨਮੋਬਿਲ ਕਾਰਪੋਰੇਸ਼ਨ ਗੈਸ ਪਲਾਂਟ ਨੂੰ ਬੰਦ ਕਰ ਦਿੱਤਾ ਹੈ। ਇਹ ਪਲਾਂਟ ਦੇਸ਼ ਦਾ ਸਭ ਤੋਂ ਵੱਡਾ ਨਿਰਯਾਤ ਅਰਜਕ ਹੈ। ਇਸ ਤੋਂ ਇਲਾਵਾ ਖਨਨ ਅਤੇ ਊਰਜਾ ਦੀਆਂ ਇਕਾਈਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਮੇਂਦੀ ਜਨਰਲ ਹਸਪਤਾਲ ਦੀ ਨਰਸ ਜੁਲੀ ਸਕੋਲ ਨੇ ਦੱਸਿਆ ਕਿ ਮੇਂਦੀ ਵਿਚ ਦੋ ਇਮਾਰਤਾਂ ਦੇ ਢਹਿ ਜਾਣ ਕਾਰਨ ਅਤੇ ਜ਼ਮੀਨ ਖਿਸਕਣ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲੋਕ ਘਬਰਾਏ ਹੋਏ ਸਨ। ਝਟਕਿਆਂ ਦਾ ਦੌਰ ਜਾਰੀ ਸੀ ਅਤੇ ਲੋਕ ਆਪਣੇ ਘਰਾਂ ਦੇ ਨੇੜੇ-ਤੇੜੇ ਘੁੰਮ ਰਹੇ ਸਨ। ਅਮਰੀਕੀ ਭੂਗਰਭ ਸਰਵੇਖਣ ਸੰਸਥਾ ਨੇ ਦੱਸਿਆ ਕਿ ਇਸ ਤੋਂ ਬਾਅਦ ਵੀ ਕਈ ਝਟਕੇ ਮਹਿਸੂਸ ਕੀਤੇ ਗਏ ਅਤੇ ਅੱਜ ਵੀ 5.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੇਂਦੀ ਪੁਲਸ ਅਧਿਕਾਰੀ ਨਾਰਿੰਗ ਬੋਂਗੀ ਮੁਤਾਬਕ ਭੂਚਾਲ ਦੇ ਸ਼ੁਰੂਆਤੀ ਝਟਕੇ ਕਾਰਨ 14 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਮੇਂਦੀ ਦੇ ਦੱਖਣ ਵਿਚ ਸਥਿਤ ਪੂਰੂਮਾ ਦੇ 3 ਲੋਕ ਵੀ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਲੋਕ ਘਰਾਂ ਵਿਚ ਸੁੱਤੇ ਹੋਏ ਸਨ। ਉਸ ਦੌਰਾਨ ਉਹ ਜ਼ਮੀਨ ਖਿਸਕਣ ਦੀ ਲਪੇਟ ਵਿਚ ਆ ਗਏ। ਪਾਪੁਆ ਨਿਊ ਗਿਨੀ ਦੀ ਇਕ ਪੋਸਟ ਨੇ ਸੂਬਾਈ ਪ੍ਰਸ਼ਾਸਕ ਵਿਲੀਅਮ ਬੇਂਡੋ ਦੇ ਹਵਾਲੇ ਤੋਂ ਦੱਸਿਆ ਕਿ ਰਾਜਧਾਨੀ ਪੋਟ ਮੋਰੇਸਬੀ ਤੋਂ 560 ਕਿਲੋਮੀਟਰ ਉਤਰ-ਪੱਛਮ ਵਿਚ 30 ਤੋਂ ਜ਼ਿਆਦਾ ਲੋਕਾਂ ਦੇ ਮਰਨ ਦੀ ਖਬਰ ਹੈ। ਪੀ.ਐਨ.ਜੀ ਤੇਲ ਅਤੇ ਗੈਸ ਨਿਰਯਾਤਕ ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਸ ਨੇ ਭੂਚਾਲ ਪ੍ਰਭਾਵਿਤ ਖੇਤਰ ਵਿਚ ਤੇਲ ਦਾ ਉਤਪਾਦਨ ਬੰਦ ਕਰ ਦਿੱਤਾ ਹੈ। ਸਹਾਇਤਾ ਏਜੰਸੀਆਂ ਨੇ ਕਿਹਾ ਹੈ ਕਿ ਸੰਘਣੇ ਜੰਗਲ ਵਿਚ ਖਰਾਬ ਸੰਚਾਰ ਵਿਵਸਥਾ ਕਾਰਨ ਨੁਕਸਾਨ ਦਾ ਸਹੀ-ਸਹੀ ਮੁਲਾਂਕਣ ਕਰਨ ਵਿਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਭੂਚਾਲ ਕਾਰਨ ਕੁੱਝ ਖਨਨ ਕੰਪਨੀਆਂ ਦੇ ਵੀ ਕੰਮ ਬੰਦ ਹੋਏ ਹਨ।