ਪੈਂਡੋਰਾ ਪੇਪਰਜ਼ : 700 ਪਾਕਿਸਤਾਨੀਆਂ ਦੀ ਜਾਂਚ ''ਚ ਕੁਝ ਖਾਸ ਲੱਭ ਨਹੀਂ ਸਕੀ ਇਮਰਾਨ ਸਰਕਾਰ

01/02/2022 3:18:20 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਨੂੰ ਹੁਣ ਤੱਕ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਜਾਂਚ 'ਚ ਜ਼ਿਆਦਾ ਕੁਝ ਹੱਥ ਨਹੀਂ ਲੱਗਿਆ, ਜਿਨ੍ਹਾਂ ਦੇ ਨਾਂ ਪੈਂਡੋਰਾ ਪੇਪਰਜ਼ 'ਚ ਸਾਹਮਣੇ ਆਏ ਸਨ। ਪੈਂਡੋਰਾ ਪੇਪਰਜ਼ ਵਾਸ਼ਿੰਗਟਨ ਸਥਿਤ ਇੰਟਰਨੈਸ਼ਨਲ ਕੰਸੋਰਟੀਅਮ ਆਫ ਜਰਨਲਿਸਟਸ (ICIJ) ਦੁਆਰਾ ਜਾਰੀ ਕੀਤੇ ਗਏ ਸਨ। ਇਨ੍ਹਾਂ ਕਾਗਜ਼ਾਂ 'ਚ ਉਸ ਨੇ ਉਨ੍ਹਾਂ ਲੋਕਾਂ ਦੇ ਨਾਂ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ਨੇ ਆਪਣੇ ਦੇਸ਼ 'ਚ ਟੈਕਸ ਚੋਰੀ ਕਰਕੇ ਉਨ੍ਹਾਂ ਦੇਸ਼ਾਂ 'ਚ ਪੈਸਾ ਜਮ੍ਹਾ ਕਰਵਾਇਆ ਸੀ, ਜਿਨ੍ਹਾਂ ਨੂੰ ਟੈਕਸ ਹੈਵਨ ਮਤਲਬ ਟੈਕਸ ਚੋਰੀ ਦਾ ਅੱਡਾ ਕਿਹਾ ਜਾਂਦਾ ਹੈ।

ਇਨ੍ਹਾਂ ਕਾਗਜ਼ਾਂ ਵਿੱਚ ਕਰੀਬ 700 ਪਾਕਿਸਤਾਨੀਆਂ ਦੇ ਨਾਂ ਸ਼ਾਮਲ ਸਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਲੋਕਾਂ ਦੀ ਜਾਂਚ ਲਈ ਵਿਸ਼ੇਸ਼ ਕਮਿਸ਼ਨ ਦਾ ਗਠਨ ਕੀਤਾ ਸੀ। ਇਸ ਨੂੰ ਪ੍ਰਧਾਨ ਮੰਤਰੀ ਨਿਰੀਖਣ ਕਮਿਸ਼ਨ (PMIC) ਵਜੋਂ ਜਾਣਿਆ ਜਾਂਦਾ ਹੈ। ਪਾਕਿਸਤਾਨੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਕਮਿਸ਼ਨ ਨੇ ਕਰੀਬ 80 ਫੀਸਦੀ ਦੋਸ਼ੀਆਂ ਦੀ ਜਾਂਚ ਪੂਰੀ ਕਰ ਲਈ ਹੈ।ਪਾਕਿਸਤਾਨ ਸਰਕਾਰ ਦੇ ਸੂਤਰਾਂ ਮੁਤਾਬਕ ਪੀਐਮਆਈਸੀ ਨੇ ਆਈਸੀਆਈਜੇ ਤੋਂ ਸਾਰੇ 700 ਪਾਕਿਸਤਾਨੀਆਂ ਬਾਰੇ ਪੂਰੀ ਜਾਣਕਾਰੀ ਮੰਗੀ ਸੀ ਪਰ ਹੁਣ ਤੱਕ ਉਸ ਨੂੰ ਸਿਰਫ 240 ਲੋਕਾਂ ਦੀ ਹੀ ਜਾਣਕਾਰੀ ਦਿੱਤੀ ਗਈ ਹੈ। 

ਪੀਐਮਆਈਸੀ ਇਨ੍ਹਾਂ ਸਾਰੇ ਲੋਕਾਂ ਦੀ ਜਾਂਚ ਕਰ ਰਹੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਨੂੰ ਆਪਣਾ ਖਾਸ ਮੁੱਦਾ ਬਣਾਇਆ ਹੋਇਆ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਪਨਾਮਾ ਅਤੇ ਪੈਰਾਡਾਈਜ਼ ਪੇਪਰਜ਼ ਵਿੱਚ ਪਾਕਿਸਤਾਨੀਆਂ ਦੇ ਨਾਮ ਆਉਣ 'ਤੇ ਤਤਕਾਲੀ ਸਰਕਾਰਾਂ ਨੇ ਉਨ੍ਹਾਂ ਦੀ ਸਹੀ ਜਾਂਚ ਨਹੀਂ ਕਰਵਾਈ ਸੀ। ਇਸ ਲਈ ਇਮਰਾਨ ਖਾਨ ਦੀ ਸਰਕਾਰ ਇਸ ਮਾਮਲੇ 'ਚ ਖਾਸ ਧਿਆਨ ਦੇ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : UAE ਨੇ ਯਾਤਰਾ ਸਬੰਧੀ ਨਵੇਂ ਨਿਰਦੇਸ਼ ਕੀਤੇ ਜਾਰੀ, 10 ਜਨਵਰੀ ਤੋਂ ਨਿਯਮ ਲਾਗੂ


ਪੀਐੱਮਆਈਸੀ ਨੂੰ ਮਿਲੇ 240 ਲੋਕਾਂ ਦੇ ਨਾਮ 
ਹੁਣ ਤੱਕ ਕੋਈ ਠੋਸ ਸਬੂਤ ਇਕੱਠੇ ਨਾ ਕਰਨ ਕਰ ਕੇ ਪੀਐੱਮਆਈਸੀ ਦੀ ਕਈ ਹਲਕਿਆਂ ਵਿੱਚ ਆਲੋਚਨਾ ਵੀ ਹੋਈ ਹੈ ਪਰ ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਸੂਤਰ ਨੇ ਡਾਨ ਨਾਲ ਗੱਲਬਾਤ ਵਿਚ ਇਸ ਧਾਰਨਾ ਨੂੰ ਗਲਤ ਦੱਸਿਆ ਕਿ ਪੈਂਡੋਰਾ ਪੇਪਰਜ਼ ਦੀ ਜਾਂਚ ਖ਼ਤਮ ਹੋ ਗਈ ਹੈ। ਸੂਤਰ ਨੇ ਦੱਸਿਆ ਕਿ ਜਾਂਚ ਦਾ ਪਹਿਲਾ ਪੜਾਅ ਚੱਲ ਰਿਹਾ ਹੈ, ਜਿਸ ਨੂੰ ਨਿਰਧਾਰਤ ਸਮੇਂ ਸੀਮਾ ਅੰਦਰ ਪੂਰਾ ਕਰ ਲਿਆ ਜਾਵੇਗਾ। ਇਹ ਸਮੇਂ ਸੀਮਾ ਇਸ ਮਹੀਨੇ ਖ਼ਤਮ ਹੋ ਜਾਵੇਗੀ। ਸਰਕਾਰੀ ਸੂਤਰਾਂ ਮੁਤਾਬਕ ਪੀਐਮਆਈਸੀ ਨੂੰ ਜਿਨ੍ਹਾਂ 240 ਲੋਕਾਂ ਦੇ ਨਾਂ ਮਿਲੇ ਹਨ, ਉਨ੍ਹਾਂ ਵਿੱਚ ਕਈ ਉੱਚ ਅਹੁਦਿਆਂ 'ਤੇ ਅਧਿਕਾਰੀ ਵੀ ਹਨ। ਇਨ੍ਹਾਂ ਵਿਚ ਨੌਕਰਸ਼ਾਹਾਂ ਤੋਂ ਇਲਾਵਾ ਫ਼ੌਜੀ ਜਰਨੈਲਾਂ ਦੇ ਨਾਂ ਵੀ ਹਨ। ਦੱਸਿਆ ਗਿਆ ਹੈ ਕਿ ਪੀਐਮਆਈਸੀ ਨੇ ਇਨ੍ਹਾਂ ਸਾਰਿਆਂ ਨੂੰ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਆਪਣੇ ਜਵਾਬ ਭੇਜ ਦਿੱਤੇ ਹਨ। ਉਨ੍ਹਾਂ ਜਵਾਬਾਂ ਦੇ ਆਧਾਰ 'ਤੇ ਕਮਿਸ਼ਨ ਇਸ ਨਤੀਜੇ 'ਤੇ ਪਹੁੰਚਿਆ ਹੈ ਕਿ ਪੈਂਡੋਰਾ ਪੇਪਰਸ ਵਿਚ ਜਿਨ੍ਹਾਂ ਲੋਕਾਂ ਦੇ  ਨਾਂ ਸਾਹਮਣੇ ਆਏ ਹਨ, ਉਹ ਸਾਰੇ ਮਨੀ ਲਾਂਡਰਿੰਗ ਜਾਂ ਟੈਕਸ ਚੋਰੀ ਦੇ ਦੋਸ਼ੀ ਨਹੀਂ ਹਨ।

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ ’ਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਪਾਕਿ 'ਚ ਵਧੇ ਅੱਤਵਾਦੀ ਹਮਲੇ

ਵਿੱਤ ਮੰਤਰੀ ਸ਼ੌਕਤ ਤਰੀਨ ਦਾ ਨਾਮ ਸ਼ਾਮਲ

ਸਰਕਾਰੀ ਸੂਤਰਾਂ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਟੈਕਸ ਹੈਵਨਜ਼ ਵਿੱਚ ਕੰਪਨੀ ਰਜਿਸਟਰਡ ਕਰਵਾਉਣ ਦਾ ਇਹ ਮਤਲਬ ਨਹੀਂ ਹੈ ਕਿ ਸਬੰਧਤ ਵਿਅਕਤੀ ਨੇ ਲਾਜ਼ਮੀ ਤੌਰ 'ਤੇ ਟੈਕਸ ਚੋਰੀ ਕੀਤੀ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਕਈ ਲੋਕਾਂ ਨੇ ਉਨ੍ਹਾਂ ਕੰਪਨੀਆਂ ਰਾਹੀਂ ਕਾਰੋਬਾਰ ਤਾਂ ਕੀਤਾ ਪਰ ਪਾਕਿਸਤਾਨੀ ਕਾਨੂੰਨ ਤਹਿਤ ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ। ਪੈਂਡੋਰਾ ਪੇਪਰਸ ਵਿੱਚ ਵਿੱਤ ਮੰਤਰੀ ਸ਼ੌਕਤ ਤਰੀਨ ਦਾ ਨਾਂ ਵੀ ਸਾਹਮਣੇ ਆਇਆ ਸੀ। ਉਦੋਂ ਉਸ ਨੇ ਸੱਪਸ਼ਟੀਕਰਨ ਦਿੱਤਾ ਸੀ ਕਿ ਉਸ ਨੇ ਵਿਦੇਸ਼ ਵਿਚ ਇਕ ਕੰਪਨੀ ਬਣਾਈ ਸੀ ਪਰ ਦੇਸ਼ ਦਾ ਪੈਸਾ ਉਸ ਵਿਚ ਨਹੀਂ ਭੇਜਿਆ ਗਿਆ।ਆਲੋਚਕਾਂ ਦਾ ਕਹਿਣਾ ਹੈ ਕਿ ਇਹ ਸਾਰੀਆਂ ਗੱਲਾਂ ਉਨ੍ਹਾਂ 'ਤੇ ਲਾਗੂ ਹੋ ਸਕਦੀਆਂ ਹਨ, ਜਿਨ੍ਹਾਂ ਦੇ ਨਾਂ ਪਨਾਮਾ ਅਤੇ ਪੈਰਾਡਾਈਜ਼ ਪੇਪਰਜ਼ 'ਚ ਆਏ ਸਨ ਪਰ ਇਮਰਾਨ ਖਾਨ ਨੇ ਇਸ ਨੂੰ ਵੱਡਾ ਮੁੱਦਾ ਬਣਾ ਦਿੱਤਾ ਹੈ। ਹੁਣ ਉਨ੍ਹਾਂ ਦੀ ਸਰਕਾਰ ਦੀ ਜਾਂਚ ਤੋਂ ਵੀ ਕੁਝ ਨਹੀਂ ਨਿਕਲਿਆ।

Vandana

This news is Content Editor Vandana