ਫਲਸਤੀਨ : ਵੱਡੀ ਗਿਣਤੀ 'ਚ ਲੋਕਾਂ ਨੇ ਕੀਤਾ ਯੋਗਾ

06/23/2019 3:32:04 PM

ਜੇਰਿਕੋ— ਕੌਮਾਂਤਰੀ ਯੋਗਾ ਦਿਵਸ ਮੌਕੇ ਜੇਰਿਕੋ 'ਚ ਆਯੋਜਿਤ 'ਫਲਸਤੀਨ ਯੋਗਾ ਉਤਸਵ' 'ਚ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਹਿੱਸਾ ਲਿਆ। ਫਲਸਤੀਨ 'ਚ ਭਾਰਤ ਦੇ ਪ੍ਰਤੀਨਿਧੀ ਦਫਤਰ ਨੇ ਜੇਰਿਕੋ ਸੈਲਾਨੀ ਤੇ ਪੁਰਾਤਤਵ ਮੰਤਰਾਲੇ ਨਾਲ ਮਿਲ ਕੇ ਸ਼ਨੀਵਾਰ ਨੂੰ ਪੰਜਵੇਂ ਕੌਮਾਂਤਰੀ ਯੋਗਾ ਦਿਵਸ ਦਾ ਪ੍ਰਬੰਧ ਕੀਤਾ। ਫਲਸਤੀਨ 'ਚ ਭਾਰਤ ਦੇ ਪ੍ਰਤੀਨਿਧੀ ਸੁਨੀਲ ਕੁਮਾਰ ਨੇ ਕਿਹਾ ਕਿ ਯੋਗਾ ਦੁਨੀਆ ਨੂੰ ਜੋੜਨ ਵਾਲੀ ਤਾਕਤ ਬਣ ਗਿਆ ਹੈ। 

ਉਨ੍ਹਾਂ ਨੇ ਕਿਹਾ,'ਯੋਗਾ ਰਾਹੀਂ ਭਾਰਤ ਅਤੇ ਫਲਸਤੀਨ ਦੋਵੇਂ ਦੇਸ਼ਾਂ ਦੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਜੋੜਿਆ ਜਾ ਰਿਹਾ ਹੈ। ਇਸ ਲਈ ਅਸੀਂ ਚੰਦ ਦੇ ਸ਼ਹਿਰ, ਜੇਰਿਕੋ 'ਚ ਇਹ ਪ੍ਰਬੰਧ ਕੀਤਾ ਹੈ ਜੋ ਇਸ ਦੁਨੀਆ ਦੇ ਸਭ ਤੋਂ ਪੁਰਾਣੇ ਆਬਾਦ ਸ਼ਹਿਰਾਂ 'ਚੋਂ ਇਕ ਹੈ।' ਕੁਮਾਰ ਨੇ ਇਸ ਮੌਕੇ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਦੇਸ਼ ਵੀ ਪੜ੍ਹਿਆ। ਉੱਥੇ ਦੱਖਣੀ ਅਫਰੀਕਾ 'ਚ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਹਫਤੇ ਦੇ ਅਖੀਰ 'ਚ ਆਯੋਜਿਤ ਯੋਗਾ ਪ੍ਰੋਗਰਾਮਾਂ 'ਚ ਹਿੱਸਾ ਲਿਆ। ਉਂਝ ਤਾਂ ਕੌਮਾਂਤਰੀ ਯੋਗ ਦਿਵਸ 21 ਜੂਨ ਨੂੰ ਸੀ ਪਰ ਜ਼ਿਆਦਾਤਰ ਪ੍ਰੋਗਰਾਮਾਂ ਦਾ ਆਯੋਜਨ ਹਫਤੇ ਦੇ ਅਖੀਰ 'ਤੇ ਕੀਤਾ ਗਿਆ ਤਾਂ ਕਿ ਲੋਕ ਆਸਾਨੀ ਨਾਲ ਹਿੱਸਾ ਲੈ ਸਕਣ। 

ਵਾਂਡਰਸ ਕ੍ਰਿਕਟ ਸਟੇਡੀਅਮ 'ਚ ਆਯੋਜਿਤ ਸਮਾਰੋਹ ਦੌਰਾਨ ਕੌਂਸਲੇਟ ਜਨਰਲ ਡਾਕਟਰ ਕੇ. ਜੇ. ਸ਼੍ਰੀਨਿਵਾਸ ਨੇ ਕਿਹਾ,''ਦੱਖਣੀ ਅਫਰੀਕਾ 'ਚ ਯੋਗਾ ਦਿਵਸ ਨਹੀਂ ਬਲਕਿ ਯੋਗਾ ਮਹੀਨਾ ਮਨਾਇਆ ਜਾ ਰਿਹਾ ਹੈ। ਸਕੂਲਾਂ ਸਮੇਤ ਹਰੇਕ ਸੰਸਥਾ ਜੂਨ ਦੀ ਸ਼ੁਰੂਆਤ ਤੋਂ ਹੀ ਯੋਗਾ ਪ੍ਰੋਗਰਾਮਾਂ ਦਾ ਪ੍ਰਬੰਧ ਕਰ ਰਹੇ ਹਨ।'' ਉੱਥੇ ਹੀ ਟੈਕਸਾਸ 'ਚ ਭਿਆਨਕ ਗਰਮੀ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ 'ਚ ਲੋਕ ਸ਼ੁੱਕਰਵਾਰ ਦੀ ਸ਼ਾਮ ਨੂੰ ਯੋਗਾ ਕਰਨ ਲਈ ਇਕੱਠੇ ਹੋਏ। ਹਿਊਸਟਨ 'ਚ ਭਾਰਤੀ ਵਣਜ ਦੂਤਘਰ ਨੇ ਹੋਰ ਸਹਿਯੋਗੀ ਸਮੂਹਾਂ ਨਾਲ ਮਿਲ ਕੇ ਪੰਜਵੇਂ ਕੌਮਾਂਤਰੀ ਯੋਗਾ ਦਿਵਸ ਦੇ ਮੌਕੇ 'ਤੇ ਮਿਡਟਾਊਨ ਪਾਰਕ 'ਚ ਇਹ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗਰਾਮ 'ਚ ਭਾਰਤੀ-ਅਮਰੀਕੀਆਂ ਦੇ ਮੁਕਾਬਲੇ ਅਮਰੀਕਾ ਦੇ ਮੂਲ ਨਿਵਾਸੀਆਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ।