ਇਮਰਾਨ ਸਰਕਾਰ ਨੇ ਕਰਤਾਰਪੁਰ ਜਾਣ ਵਾਲੇ ਪਾਕਿ ਮੁਸਲਿਮਾਂ 'ਤੇ ਲਾਈ ਫੀਸ

11/19/2019 11:34:00 AM

ਇਸਲਾਮਾਬਾਦ— ਪਾਕਿਸਤਾਨ ਦੀ ਸਰਕਾਰ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਪਾਕਿ ਦੇ ਮੁਸਲਿਮ ਨਾਗਰਿਕਾਂ 'ਤੇ ਵੀ 200 ਰੁਪਏ ਦਾਖਲਾ ਫੀਸ ਲਗਾ ਦਿੱਤੀ ਹੈ।


ਰਿਪੋਰਟਾਂ ਮੁਤਾਬਕ, ਪਾਕਿਸਤਾਨੀ ਮੁਸਲਿਮ ਯਾਤਰੂ ਸੇਵਾ ਯਾਤਰਾ ਦੀ ਰਸੀਦ ਕਟਾਉਣ ਮਗਰੋਂ ਹੀ ਗੁਰਦੁਆਰਾ ਸਾਹਿਬ 'ਚ ਦਾਖਲ ਹੋ ਸਕਦੇ ਹਨ ਤੇ ਉਨ੍ਹਾਂ ਨੂੰ ਸਿਰਫ ਦਿਨ ਵੇਲੇ ਹੀ ਅਸਥਾਨ ਦੇ ਅੰਦਰ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਸਿੱਖ ਧਰਮ ਦੀ ਮਰਿਆਦਾ ਨੂੰ ਧਿਆਨ 'ਚ ਰੱਖਦਿਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਪਾਕਿਸਤਾਨੀ ਮੁਸਲਿਮ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਅਸਥਾਨ ਅਤੇ ਸੁੱਖ ਆਸਣ ਭਵਨ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਮੁਸਲਿਮ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਜ਼ਾਰ ਸਾਹਿਬ ਅਤੇ ਸਮਾਧ ਦੇ ਹੀ ਦਰਸ਼ਨ ਕਰਨ ਦੀ ਆਗਿਆ ਮਿਲੀ ਹੈ। ਪਾਕਿਸਤਾਨ ਸਰਕਾਰ ਵਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ 'ਤੇ ਜੋ 200 ਰੁਪਏ ਸੇਵਾ ਚਾਰਜ ਰੱਖੇ ਗਏ ਹਨ ਉਹ ਪਾਕਿਸਤਾਨ ਰਹਿੰਦੇ ਹਿੰਦੂਆਂ ਜਾਂ ਸਿੱਖਾਂ 'ਤੇ ਨਹੀਂ ਲਗਾਏ ਗਏ।