ਪਾਕਿ ਮੀਡੀਆ ਦਾ ਵੱਡਾ ਖੁਲਾਸਾ, ਸਿੰਧ ਸੂਬੇ ''ਚ ਹੋ ਰਿਹੈ ਮਨੁੱਖੀ ਅਧਿਕਾਰਾਂ ਦਾ ਘਾਣ

09/30/2019 6:16:19 PM

ਕਰਾਚੀ (ਏਜੰਸੀ)- ਅਜਿਹਾ ਲੱਗਦਾ ਹੈ ਕਿ ਪੂਰੀ ਦੁਨੀਆ ਵਿਚ ਖੁਦ ਨੂੰ ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਬਣਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਇਮਰਾਨ ਖਾਨ ਨੂੰ ਪਾਕਿਸਤਾਨ ਵਿਚ ਲੋਕਾਂ ਦੇ ਨਾਲ ਹੋ ਰਹੇ ਸ਼ੋਸ਼ਣ ਦੀਆਂ ਘਟਨਾਵਾਂ ਨਜ਼ਰ ਨਹੀਂ ਆਉਂਦੀਆਂ। ਨਿਊਜ਼ ਏਜੰਸੀ ਆਈ.ਏ.ਐਨ.ਐਸ. ਨੇ ਪਾਕਿਸਤਾਨੀ ਅਖਬਾਰ ਡਾਨ ਦੇ ਹਵਾਲੇ ਤੋਂ ਇਕ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਬੀਤੇ 6 ਮਹੀਨੇ ਵਿਚ ਸਨਮਾਨ ਦੇ ਨਾਂ 'ਤੇ 78 ਲੋਕਾਂ ਨੂੰ ਕਤਲ ਕਰ ਦਿੱਤਾ ਗਿਆ। ਹਾਲਾਂਕਿ ਜਨਵਰੀ ਤੋਂ ਜੂਨ 2019 ਤੱਕ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਸਿੰਧ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿਚ ਆਨਰ ਕਿਲਿੰਗ ਦੇ 65 ਮਾਮਲੇ ਦਰਜ ਕੀਤੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚ 90 ਫੀਸਦੀ ਮਾਮਲਿਆਂ ਵਿਚ ਤਾਂ ਕੇਸ ਵੀ ਪੈਂਡਿੰਗ ਹਨ। ਅਖਬਾਰ ਡਾਨ ਦੀ ਰਿਪੋਰਟ ਵਿਚ ਤਾਂ ਜ਼ਿਆਦਾਤਰ ਮਾਮਲਿਆਂ ਵਿਚ ਪੁਲਸ ਕਿਸੇ ਨਤੀਜੇ 'ਤੇ ਪੁੱਜੀ ਹੀ ਨਹੀਂ। ਅਜਿਹੇ ਵਿਚ ਇਨਸਾਫ ਮਿਲਣ ਦੀ ਗੱਲ ਤਾਂ ਕੋਹਾਂ ਦੂਰ ਲੱਗਦਾ ਹੈ। ਸਨਮਾਨ ਦੇ ਨਾਂ 'ਤੇ ਜਿਨ੍ਹਾਂ 78 ਲੋਕਾਂ ਨੂੰ ਕਤਲ ਕੀਤਾ ਗਿਆ ਉਨ੍ਹਾਂ ਵਿਚ 50 ਔਰਤਾਂ ਸਨ।

ਪ੍ਰਸ਼ਾਸਨਿਕ ਲਾਪਰਵਾਹੀ ਤਾਂ ਇਸ ਕਦਰ ਹਾਵੀ ਹੈ ਕਿ ਆਨਰ ਕਿਲਿੰਗ ਦੇ ਇਨ੍ਹਾਂ ਮਾਮਲਿਆਂ ਵਿਚ ਸਿਰਫ 60 ਕੇਸ ਵਿਚ ਹੀ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਪਾਕਿਸਤਾਨੀ ਅਦਾਲਤਾਂ ਵਿਚ ਸੁਣਵਾਈ ਦੀ ਰਫਤਾਰ ਉਥੇ ਮਨੁੱਖੀ ਅਧਿਕਾਰਾਂ ਦੀ ਦੁਰਦਸ਼ਾ ਦੀ ਦਾਸਤਾਨ ਬਿਆਨ ਕਰਦੀ ਹੈ। ਆਲਮ ਇਹ ਹੈ ਕਿ 57 ਮਾਮਲੇ ਅਦਾਲਤਾਂ ਵਿਚ ਵੱਖ-ਵੱਖ ਕਾਰਨਾਂ ਨੂੰ ਲੈ ਕੇ ਪੈਂਡਿੰਗ ਹਨ। ਜ਼ਿਆਦਾਤਰ ਮਾਮਲਿਆਂ ਵਿਚ ਕਤਲ ਦੇ ਦੋਸ਼ੀ ਨਜ਼ਦੀਕੀ ਰਿਸ਼ਤੇਦਾਰ ਹਨ। ਅਜਿਹੇ ਵਿਚ ਉਨ੍ਹਾਂ ਦੇ ਛੁੱਟ ਜਾਣ ਦੀਆਂ ਉਮੀਦਾਂ ਬਰਕਰਾਰ ਹਨ। ਉਥੇ ਹੀ ਸਿੰਧ ਦੇ ਆਈ.ਜੀ. ਸਈਅਦ ਕਲੀਮ ਇਮਾਮ ਅਜਿਹੀਆਂ ਘਟਨਾਵਾਂ ਲਈ ਕਬੀਲਾਈ ਸੰਸਕ੍ਰਿਤੀ ਨੂੰ ਜ਼ਿੰਮੇਵਾਰ ਦੱਸਦੇ ਹਨ।

ਇਹੀ ਨਹੀਂ ਇਕ ਹੋਰ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਸਿੰਧ ਸੂਬੇ ਦੇ ਘੋਟਕੀ ਵਿਚ ਹੋਈ ਹਿੰਦੂ ਵਿਰੋਧੀ ਹਿੰਸਾ ਇਕ ਸਾਜ਼ਿਸ਼ ਦਾ ਨਤੀਜਾ ਸੀ। ਇਸ ਦੰਗੇ ਦੀ ਜਾਂਚ ਕਰ ਰਹੀ ਕਮੇਟੀ ਨੇ ਆਪਣੀ ਰਿਪੋਰਟ ਵਿਚ ਜੋ ਖੁਲਾਸੇ ਕੀਤੇ ਹਨ ਉਹ ਹੈਰਾਨ ਕਰਦੇ ਹਨ। ਰਿਪੋਰਟ ਵਿਚ ਸਾਫ ਸਾਫ ਕਿਹਾ ਗਿਆ ਹੈ ਕਿ 15 ਸਤੰਬਰ ਨੂੰ ਘੋਟਕੀ ਦੰਗੇ ਵਿਚ ਦੰਗਾਈਆਂ ਨੇ ਹਿੰਦੂ ਭਾਈਚਾਰੇ ਦੀਆਂ ਦੁਕਾਨਾਂ ਵਿਚ ਲੁੱਟਖੋਹ ਕੀਤੀ ਸੀ ਅਤੇ ਉਨ੍ਹਾਂ ਨੂੰ ਤਬਾਹ ਕੀਤਾ ਸੀ। ਇਹੀ ਨਹੀਂ ਦੰਗਾਈਆਂ ਨੇ ਮੰਦਰ ਅਤੇ ਹਿੰਦੂ ਭਾਈਚਾਰੇ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਸੀ।

ਹੁਣ ਸਵਾਲ ਇਹ ਹੈ ਕਿ ਜੰਮੂ-ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਝੂਠੇ ਦੋਸ਼ ਲਗਾਉਣ ਵਾਲੇ ਇਮਰਾਨ ਖਾਨ ਨੂੰ ਆਪਣੇ ਮੁਲਕ ਵਿਚ ਹੋ ਰਹੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਕਿਉਂ ਦਿਖਾਈ ਨਹੀਂ ਦਿੰਦੀਆਂ। ਇਮਰਾਨ ਖਾਨ ਜਿਸ ਤਰ੍ਹਾਂ ਨਾਲ ਔਰਤਾਂ ਦੇ ਖਿਲਾਫ ਹੋਣ ਵਾਲੇ ਸ਼ੋਸ਼ਣਾਂ ਦੀ ਗੱਲ ਕਰਦੇ ਹਨ। ਉਨ੍ਹਾਂ ਨੂੰ ਪੀ.ਓ.ਕੇ. ਬਲੋਚਿਸਤਾਨ ਵਿਚ ਔਰਤਾਂ ਦੇ ਨਾਲ ਪਾਕਿਸਤਾਨੀ ਫੌਜ ਵਲੋਂ ਕੀਤੀਆਂ ਜਾ ਰਹੀਆਂ ਸ਼ੋਸ਼ਣ ਦੀਆਂ ਘਟਨਾਵਾਂ ਕਿਉਂ ਨਹੀਂ ਦਿਖਾਈ ਦਿੰਦੀਆਂ। ਰਿਪੋਰਟਾਂ ਮੁਤਾਬਕ ਬੀਤੇ ਦਿਨੀਂ ਅਮਰੀਕਾ ਵਲੋਂ ਵੀ ਸਵਾਲ ਚੁੱਕੇ ਗਏ ਸਨ ਕਿ ਇਮਰਾਨ ਖਾਨ ਨੂੰ ਚੀਨ ਵਿਚ ਉਈਗਰ ਮੁਸਲਮਾਨਾਂ ਦਾ ਸ਼ੋਸ਼ਣ ਕਿਉਂ ਨਹੀਂ ਨਜ਼ਰ ਆਉਂਦਾ ਹੈ।


Sunny Mehra

Content Editor

Related News