ਪਾਕਿਸਤਾਨੀ ਪੱਤਰਕਾਰ ਨੇ ਉਡਾਈਆਂ ਇਮਰਾਨ ਸਰਕਾਰ ਦੀਆਂ ਧੱਜੀਆਂ, ਕਿਹਾ-TLP ’ਤੇ ਪਾਬੰਦੀ ਸਿਰਫ਼ ਦਿਖਾਵਾ

04/17/2021 2:16:13 PM

ਪੈਰਿਸ : ਫਰਾਂਸ ’ਚ ਦੇਸ਼-ਨਿਕਾਲਾ ਝੱਲ ਰਹੇ ਇਕ ਪਾਕਿਸਤਾਨੀ ਪੱਤਰਕਾਰ ਨੇ ਪਾਕਿਸਤਾਨ ਦੇ ਵੱਡੇ ਕੱਟੜਪੰਥੀ ਧਾਰਮਿਕ ਸਮੂਹ ਤਹਿਰੀਕ ਤਬਲੀਕ-ਏ-ਪਾਕਿਸਤਾਨ (TLP) ’ਤੇ ਪਾਬੰਦੀ ਲਾਉਣ ਦੇ ਪਾਕਿਸਤਾਨ ਸਰਕਾਰ ਦੇ ਫੈਸਲੇ ’ਤੇ ਸਵਾਲ ਚੁੱਕੇ ਹਨ। ਸੋਮਵਾਰ ਨੂੰ ਲਾਹੌਰ ’ਚ ਟੀ. ਐੱਲ. ਪੀ. ਮੁਖੀ ਸਾਦ ਹੁਸੈਨ ਰਿਜ਼ਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ’ਚ ਲੋਕਾਂ ’ਚ ਫੈਲੀ ਅਸ਼ਾਂਤੀ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਤਾਹਾ ਸਿੱਦੀਕੀ ਨੇ ਜੰਮ ਕੇ ਸਰਕਾਰ ਦੀਆਂ ਧੱਜੀਆਂ ਉਡਾਈਆਂ। ਉਨ੍ਹਾਂ ਕਿਹਾ ਕਿ ਟੀ. ਐੱਲ. ਪੀ. ’ਤੇ ਪਾਬੰਦੀ ਪ੍ਰਧਾਨ ਮੰਤਰੀ ਇਮਰਾਨ ਸਰਕਾਰ ਵੱਲੋਂ ਸਿਰਫ ਅੰਤਰਰਾਸ਼ਟਰੀ ਦਬਾਅ ਨੂੰ ਘੱਟ ਕਰਨ ਲਈ ਚੁੱਕਿਆ ਗਿਆ ਕਦਮ ਹੈ।

ਤਾਹਾ ਸਿੱਦੀਕੀ ਨੇ ਦੋਸ਼ ਲਾਇਆ ਕਿ ਪਾਕਿਸਤਾਨ ਸਰਕਾਰ ਦੀ ਟੀ. ਐੱਲ. ਪੀ. ਖ਼ਿਲਾਫ਼ ਪਾਬੰਦੀ ਦੀ ਕਾਰਵਾਈ ਸਿਰਫ ਇਕ ਦਿਖਾਵਾ ਹੈ ਕਿਉਂਕਿ ਇਮਰਾਨ ਸਰਕਾਰ ਪਹਿਲਾਂ ਵੀ ਦੁਨੀਆ ਦੀਆਂ ਅੱਖਾਂ ’ਚ ਮਿੱਟੀ ਪਾਉਣ ਲਈ ਪਾਕਿ ’ਚ ਪਲ਼ ਰਹੇ ਅੱਤਵਾਦੀ ਸੰਗਠਨਾਂ ’ਤੇ ਪਾਬੰਦੀ ਦਾ ਡਰਾਮਾ ਰਚ ਚੁੱਕੀ ਹੈ। ਤਾਹਾ ਸਿੱਦੀਕੀ ਨੇ ਕਿਹਾ ਕਿ ਜਦੋਂ-ਜਦੋਂ ਇਮਰਾਨ ਸਰਕਾਰ ’ਤੇ ਅੰਤਰਰਾਜੀ ਤੇ ਅੰਤਰਰਾਸ਼ਟਰੀ ਦਬਾਅ ਵਧਿਆ, ਉਸ ਨੇ ਇਨ੍ਹਾਂ ਕੱਟੜਪੰਥੀ ਸੰਗਠਨਾਂ ਨੂੰ ਪਾਬੰਦੀਸ਼ੁਦਾ ਕਰਨ ਦੀ ਖੇਡ ਖੇਡੀ ਪਰ ਕੁਝ ਸਮੇਂ ਬਾਅਦ ਇਹ ਸੰਗਠਨ ਵੱਖ-ਵੱਖ ਨਾਵਾਂ ਨਾਲ ਮੁੜ ਪੈਦਾ ਹੋ ਜਾਂਦੇ ਹਨ ਤੇ ਅੱਤਵਾਦ ਨੂੰ ਅੰਜਾਮ ਦਿੰਦੇ ਹਨ। ਲਸ਼ਕਰ-ਏ-ਤੋਇਬਾ ਤੇ ਜੈਸ਼-ਏ- ਮੁਹੰਮਦ ਵਰਗੇ ਕੱਟੜਪੰਥੀ ਸੰਗਠਨ ਇਸ ਦੀ ਮਿਸਾਲ ਹਨ

ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਵੱਲੋਂ ਬੁੱਧਵਾਰ ਨੂੰ TLP ’ਤੇ ਪਾਬੰਦੀ ਲਾਉਣ ਦਾ ਐਲਾਨ ਤੇ ਇਸ ਦੇ ਮੁਖੀ ਸਾਦ ਰਿਜ਼ਵੀ ਦੀ ਗ੍ਰਿਫਤਾਰੀ ਤੋਂ ਬਾਅਦ ਟੀ. ਐੱਲ. ਪੀ. ਸਮਰਥਕ ਤੇ ਕਾਰਕੁੰਨ ਪੂਰੇ ਦੇਸ਼ ’ਚ ਹਿੰਸਕ ਪ੍ਰਦਰਸ਼ਨ ਕਰ ਰਹੇ ਹਨ। ਤਾਹਾ ਸਿੱਦੀਕੀ ਨੇ ਕਿਹਾ ਕਿ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਟੀ. ਐੱਲ. ਪੀ. ’ਤੇ ਪਾਬੰਦੀ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਅਸਲੀਅਤ ’ਚ ਪਾਕਿਸਤਾਨ ਸਰਕਾਰ ਜਾਂ ਫੌਜ ਇਨ੍ਹਾਂ ਕੱਟੜਪੰਥੀ ਸੰਗਠਨਾਂ ਖ਼ਿਲਾਫ਼ ਕੋਈ ਸਖਤ ਕਦਮ ਨਹੀਂ ਚੁੱਕ ਰਹੀ। ਉਨ੍ਹਾਂ ਕਿਹਾ ਕਿ ਸੱਚ ਤਾਂ ਇਹ ਹੈ ਕਿ ਇਮਰਾਨ ਸਰਕਾਰ ਤੇ ਫੌਜ ਅਸਲ ’ਚ ਇਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਸੁਪੋਰਟ ਕਰ ਰਹੀ ਹੈ। ਤਾਹਾ ਨੇ ਕਿਹਾ ਕਿ ਪਾਕਿ ਸਰਕਾਰ ਇਨ੍ਹਾਂ ਅੱਤਵਾਦੀ ਸੰਗਠਨਾਂ ’ਤੇ ਪਾਬੰਦੀ ਤਾਂ ਲਾਉਂਦੀ ਹੈ ਪਰ ਇਨ੍ਹਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਦੀ ਕਿਉਂਕਿ ਸਰਕਾਰ ਤੇ ਫੌਜ ਭਵਿੱਖ ’ਚ ਇਨ੍ਹਾਂ ਦੀ ਵਰਤੋਂ ਰਣਨੀਤਕ ਉਦੇਸ਼ਾਂ ਲਈ ਕਰਨਾ ਚਾਹੁੰਦੀ ਹੈ।

ਦੱਸ ਦੇਈਏ ਕਿ ਟੀ. ਐੱਲ. ਪੀ. ਪਾਕਿਸਤਾਨ ’ਚੋਂ ਫ੍ਰਾਂਸੀਸੀ ਰਾਜਦੂਤ ਦੇ ਦੇਸ਼-ਨਿਕਾਲੇ ਦੀ ਮੰਗ ਕਰ ਰਹੀ ਹੈ। ਇਹ ਸੰਗਠਨ ਚਾਰਲੀ ਹੈਬਦੋ ਪੱਤ੍ਰਿਕਾ ’ਚ ਈਸ਼ਨਿੰਦਾ ਦੇ ਪ੍ਰਕਾਸ਼ਨ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਨ ਵੱਲੋਂ ਇਸਲਾਮ ਤੇ ਅੱਤਵਾਦ ਬਾਰੇ ਟਿੱਪਣੀ ਦਾ ਵਿਰੋਧ ਕਰ ਰਿਹਾ ਹੈ। 

Anuradha

This news is Content Editor Anuradha