''ਕੁੜੀਆਂ'' ਵੇਚਣ ''ਤੇ ਘਿਰੀ ਇਮਰਾਨ ਸਰਕਾਰ, ਮਨੁੱਖੀ ਅਧਿਕਾਰ ਕਾਰਕੁੰਨ ਨੇ ਲਾਏ ਗੰਭੀਰ ਦੋਸ਼

12/17/2019 3:46:43 PM

ਇਸਲਾਮਾਬਾਦ- ਪਾਕਿਸਤਾਨੀ ਲੜਕੀਆਂ ਨੂੰ ਚੀਨ ਵਿਚ 'ਦੁਲਹਨ' ਦੇ ਰੂਪ ਵਿਚ ਵੇਚਣ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਘਿਰਦੀ ਜਾ ਰਹੀ ਹੈ। ਪਾਕਿਸਤਾਨ ਦੇ ਮੰਨੇ ਹੋਏ ਵਕੀਲ ਤੇ ਮਨੁੱਖੀ ਅਧਿਕਾਰ ਵਰਕਰ ਰਾਹਤ ਜਾਨ ਆਸਟਿਨ ਨੇ ਇਮਰਾਨ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਉਹਨਾਂ ਚੀਨੀ ਨਾਗਰਿਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ, ਜੋ ਪਾਕਿਸਤਾਨੀ ਲੜਕੀਆਂ ਨੂੰ ਵੇਸਵਾਪੁਣੇ ਵਿਚ ਧਕੇਲ ਰਹੇ ਹਨ।

ਹਾਲ ਵਿਚ ਖਬਰ ਆਈ ਸੀ ਕਿ 2018 ਤੋਂ ਹੁਣ ਤੱਕ 629 ਪਾਕਿਸਤਾਨੀ ਲੜਕੀਆਂ ਬਤੌਰ ਦੁਲਹਨ ਚੀਨੀ ਨਾਗਰਿਕਾਂ ਨੂੰ ਵੇਚ ਦਿੱਤੀਆਂ ਗਈਆਂ। ਪਰ ਚੀਨ ਦੇ ਨਾਲ ਆਪਣੇ ਸੰਘਣੇ ਸਬੰਧਾਂ ਦੇ ਚੱਲਦੇ ਪਾਕਿਸਤਾਨ ਇਸ ਮਾਮਲੇ ਵਿਚ ਕੁਝ ਨਹੀਂ ਕਰ ਰਿਹਾ। ਇਕ ਟੀਵੀ ਚੈਨਲ 'ਤੇ ਚਰਚਾ ਦੌਰਾਨ ਆਸਟਿਨ ਨੇ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਇਸ ਭਿਆਨਕ ਸੱਚ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਇਹ ਵਿਦੇਸ਼ੀ ਏਜੰਡਾ ਹੈ। ਇਹ ਪਾਕਿਸਤਾਨ-ਚੀਨ ਦੀ ਰਣਨੀਤਿਕ ਸਾਂਝੇਦਾਰੀ ਦੇ ਖਿਲਾਫ ਸਾਜ਼ਿਸ਼ ਹੈ। ਉਹਨਾਂ ਨੇ ਚੀਨੀ ਨਾਗਰਿਕਾਂ ਦੇ ਹੱਥਾਂ ਵਿਚ 600 ਤੋਂ ਵਧੇਰੇ ਪਾਕਿਸਤਾਨੀ ਲੜਕੀਆਂ ਵੇਚੇ ਜਾਣ ਦੇ ਸਰਕਾਰੀ ਅੰਕੜਿਆਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਇਹ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ।

ਆਸਟਿਨ ਨੇ ਦੱਸਿਆ ਕਿ ਪਾਕਿਸਤਾਨੀ ਲੜਕੀਆਂ ਨੂੰ ਵੇਚਣ ਦਾ ਪਹਿਲਾ ਮਾਮਲਾ ਤਿੰਨ ਸਾਲ ਪਹਿਲਾਂ ਸਾਹਮਣੇ ਆਇਆ ਸੀ। ਉਸ ਵੇਲੇ ਇਕ ਲੜਕੀ ਨੂੰ ਵੇਸਵਾਪੁਣੇ ਵਿਚ ਧਕੇਲ ਦਿੱਤਾ ਗਿਆ ਸੀ।

31 ਚੀਨੀ ਨਾਗਰਿਕ ਕੀਤਾ ਜਾ ਚੁੱਕੇ ਹਨ ਬਰੀ
ਮਨੁੱਖੀ ਤਸਕਰੀ ਵਿਚ ਫੜੇ ਗਏ 31 ਚੀਨੀ ਨਾਗਰਿਕ ਬੀਤੇ ਅਕਤੂਬਰ ਮਹੀਨੇ ਫੈਸਲਾਬਾਦ ਦੀ ਇਕ ਅਦਾਲਤ ਤੋਂ ਬਰੀ ਹੋ ਗਏ। ਇਕ ਜਾਂਚ ਅਧਿਕਾਰੀ ਨੇ ਦੱਸਿਆ ਸੀ ਕਿ ਪੁਲਸ ਦੇ ਸਾਹਮਣੇ ਮੁੰਹ ਖੋਲ੍ਹਣ ਵਾਲੀਆਂ ਕਈ ਲੜਕੀਆਂ ਨੇ ਬਾਅਦ ਵਿਚ ਅਦਾਲਤ ਵਿਚ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਧਮਕੀ ਦਿੱਤੀ ਗਈ ਜਾਂ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਦਾ ਮੁੰਹ ਬੰਦ ਕਰ ਦਿੱਤਾ ਗਿਆ।

Baljit Singh

This news is Content Editor Baljit Singh