ਪਾਕਿ : ਫਰਜ਼ੀ ਐਨਕਾਊਂਟਰ ਮਾਮਲੇ 'ਚ ਸੀ.ਟੀ.ਡੀ. ਵਿਭਾਗ ਦੇ ਮੁਖੀ ਬਰਖਾਸਤ

01/23/2019 2:08:58 PM

ਲਾਹੌਰ (ਭਾਸ਼ਾ)— ਪਾਕਿਸਤਾਨੀ ਪ੍ਰਸ਼ਾਸਨ ਨੇ ਫਰਜ਼ੀ ਐਨਕਾਊਂਟਰ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਕੀਤੀ ਹੈ। ਹੁਣ ਜਾਂਚ ਵਿਚ ਇਹ ਪਤਾ ਲੱਗਣ ਦੇ ਬਾਅਦ ਕਿ ਫਰਜ਼ੀ ਮੁਕਾਬਲੇ ਵਿਚ ਇਕ ਪਰਿਵਾਰ ਦੇ ਤਿੰਨ ਮੈਂਬਰ ਮਾਰੇ ਗਏ ਹਨ, ਉਨ੍ਹਾਂ ਨੇ ਪੰਜਾਬ ਦੇ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਦੇ ਮੁਖੀ ਨੂੰ ਮੰਗਲਵਾਰ ਨੂੰ ਬਰਖਾਸਤ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਮੌਜੂਦ ਸੀ.ਟੀ.ਡੀ. ਦੇ 5 ਅਧਿਕਾਰੀਆਂ ਵਿਰੁੱਧ ਅੱਤਵਾਦ ਅਤੇ ਹੱਤਿਆ ਦੇ ਦੋਸ਼ ਵੀ ਦਰਜ ਕੀਤੇ ਗਏ ਹਨ। 

ਪੰਜਾਬ ਦੇ ਕਾਨੂੰਨ ਮੰਤਰੀ ਬਸ਼ਾਰਤ ਰਜ਼ਾ ਨੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ,''ਸੰਯੁਕਤ ਜਾਂਚ ਟੀਮ ਦੀ ਜਾਂਚ ਦੇ ਆਧਾਰ 'ਤੇ ਸੀ.ਟੀ.ਡੀ. ਪੰਜਾਬ ਮੁਖੀ ਵਧੀਕ ਇੰਸਪੈਕਟਰ ਜਨਰਲ ਰਾਜ ਤਾਹਿਰ ਸਮੇਤ ਪੰਜ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਗਿਆ ਹੈ। ਨਾਲ ਹੀ ਮੁਕਾਬਲੇ ਵਿਚ ਸ਼ਾਮਲ ਸੀ.ਟੀ.ਡੀ. ਦੇ ਪੰਜ ਅਧਿਕਾਰੀਆਂ ਵਿਰੱਧ ਅੱਤਵਾਦ ਅਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।'' ਸੀ.ਟੀ.ਡੀ. ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਲਾਹੌਰ ਤੋਂ ਕਰੀਬ 200 ਕਿਲੋਮੀਟਰ ਦੂਰ ਸਾਹੀਵਾਲ ਵਿਚ ਇਕ ਮੁਕਾਬਲੇ ਦੌਰਾਨ ਅੱਤਵਾਦੀ ਹੋਣ ਦੇ ਸ਼ੱਕ ਵਿਚ ਇਕ 13 ਸਾਲਾ ਬੱਚੀ ਸਮੇਤ ਚਾਰ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। 

ਸੀ.ਟੀ.ਡੀ. ਦੀ ਟੀਮ ਨੇ ਇਕ ਕਾਰ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਕਾਰ ਵਿਚ ਇਕ ਜੋੜਾ ਆਪਣੇ ਚਾਰ ਬੱਚਿਆਂ ਅਤੇ ਡਰਾਈਵਰ ਨਾਲ ਸੀ। ਗੋਲੀਬਾਰੀ ਵਿਚ ਤਿੰਨ ਬੱਚੇ ਬਚ ਗਏ ਜਦਕਿ ਜੋੜਾ, ਉਨ੍ਹਾਂ ਦੀ 13 ਸਾਲਾ ਬੱਚੀ ਦੀ ਮੌਤ ਹੋ ਗਈ। ਸ਼ੁਰੂ ਵਿਚ ਸੀ.ਟੀ.ਡੀ. ਨੇ ਮ੍ਰਿਤਕਾਂ ਨੂੰ ਇਸਲਾਮਿਕ ਸਟੇਟ ਦੇ ਅੱਤਵਾਦੀ ਦੱਸਿਆ ਸੀ ਪਰ ਬਾਅਦ ਵਿਚ ਕਿਹਾ ਕਿ ਇਹ ਆਮ ਲੋਕ ਸਨ। ਰਜ਼ਾ ਨੇ ਕਿਹਾ ਕਿ ਜਾਂਚ ਪੂਰੀ ਹੋਣ ਦੇ ਬਾਅਦ ਹੋਰ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਜਾਵੇਗੀ। ਸ਼ਨੀਵਾਰ ਨੂੰ ਹੋਈ ਗੋਲੀਬਾਰੀ ਦੀ ਇਸ ਘਟਨਾ ਦੀ ਪੂਰੇ ਦੇਸ਼ ਵਿਚ ਨਿੰਦਾ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੋਸ਼ੀਆਂ 'ਤੇ ਸਖਤ ਕਾਰਵਾਈ ਕਰਨ ਦਾ ਸੰਕਲਪ ਜ਼ਾਹਰ ਕੀਤਾ ਸੀ।

Vandana

This news is Content Editor Vandana