ਪਾਕਿ ''ਚ ਹੜਤਾਲ ''ਤੇ ਡਾਕਟਰ, ਕਿਹਾ- ਸਾਨੂੰ ਨਾ ਬਚਾਇਆ ਤਾਂ ਪੂਰੇ ਦੇਸ਼ ਨੂੰ ਖਤਰਾ

04/26/2020 2:14:44 PM

ਇਸਲਾਮਾਬਾਦ- ਪਾਕਿਸਤਾਨ ਵਿਚ ਕੋਰੋਨਾ ਵਾਇਰਸ ਕਾਰਣ 12,670 ਲੋਕ ਇਨਫੈਕਟਡ ਹੋ ਚੁੱਕੇ ਹਨ, ਜਿਹਨਾਂ ਵਿਚੋਂ 256 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਉਥੇ ਹੀ ਕਈ ਡਾਕਟਰ ਤੇ ਨਰਸਾਂ ਦੀ ਵੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਚੁੱਕੀ ਹੈ ਕਿਉਂਕਿ ਉਹਨਾਂ ਨੂੰ ਬਚਾਅ ਦੇ ਲਈ ਪੀਪੀਆਈ ਕਿੱਟਾਂ ਨਹੀਂ ਮਿਲ ਰਹੀਆਂ। ਇਸ ਨੂੰ ਲੈ ਕੇ ਡਾਕਟਰ ਕਈ ਹਫਤਿਆਂ ਤੋਂ ਮੰਗ ਕਰ ਰਹੇ ਹਨ ਤੇ ਕਈ ਸ਼ਹਿਰਾਂ ਵਿਚ ਮੈਡੀਕਲ ਸਟਾਫ ਨੇ ਪ੍ਰਦਰਸ਼ਨ ਵੀ ਕੀਤਾ ਹੈ। ਡਾਕਟਰਾਂ ਨੇ ਦੋਸ਼ ਲਾਇਆ ਕਿ ਲਗਾਤਾਰ ਮੰਗ ਕਰਨ ਦੇ ਬਾਵਜੂਦ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ।

ਏ.ਐਫ.ਪੀ. ਦੀ ਰਿਪੋਰਟ ਮੁਤਾਬਕ ਯੰਗ ਡਾਕਟਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ 150 ਹੈਲਥ ਵਰਕਰ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋ ਚੁੱਕੇ ਹਨ। ਇਸ ਤੋਂ ਬਾਅਦ ਕਈ ਦਰਜਨ ਮੈਡੀਕਲ ਕਰਮਚਾਰੀ ਲਾਹੌਰ ਵਿਚ ਪੀਪੀਆਈ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠ ਗਏ ਹਨ। ਹਾਲਾਂਕਿ ਭੁੱਖ ਹੜਤਾਲ 'ਤੇ ਬੈਠਾ ਮੈਡੀਕਲ ਸਟਾਫ ਵਾਰੀ-ਵਾਰੀ ਹਸਪਤਾਲ ਵਿਚ ਮਰੀਜ਼ਾਂ ਦਾ ਇਲਾਜ ਵੀ ਕਰ ਰਿਹਾ ਹੈ। ਇਸੇ ਮਹੀਨੇ ਪਾਕਿਸਤਾਨ ਦੇ ਕਵੇਟਾ ਵਿਚ ਪੀਪੀਆਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ 50 ਡਾਕਟਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

ਪਹਿਲਾਂ 26 ਸਾਲ ਦੇ ਫਿਜ਼ੀਸ਼ੀਅਨ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ ਸੀ, ਉਥੇ ਹੀ ਇਕ ਸਰਕਾਰੀ ਹਸਪਤਾਲ ਵਿਚ ਕੰਮ ਕਰਨ ਵਾਲੇ ਸਪੈਸ਼ਲਿਸਟ ਦੀ ਵੀ ਸ਼ਨੀਵਾਰ ਨੂੰ ਵਾਇਰਸ ਕਾਰਨ ਮੌਤ ਹੋ ਗਈ। ਡਾਕਟਰ ਸਲਮਾਨ ਹਸੀਬ ਨੇ ਕਿਹਾ ਕਿ ਅਸੀਂ ਭੁੱਖ ਹੜਤਾਲ ਉਦੋਂ ਤੱਕ ਖਤਮ ਨਹੀਂ ਕਰਾਂਗੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ 'ਤੇ ਧਿਆਨ ਨਹੀਂ ਦਿੰਦੀ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਦੀ ਮੰਗ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਰਹੀ ਹੈ। ਹਸੀਬ ਨੇ ਕਿਹਾ ਕਿ ਉਹਨਾਂ ਨੇ 16 ਅਪ੍ਰੈਲ ਤੋਂ ਕੁਝ ਨਹੀਂ ਖਾਧਾ ਹੈ। ਉਹ ਪੰਜਾਬ ਦੇ ਗ੍ਰੈਂਡ ਹੈਲਥ ਅਲਾਇੰਸ ਦੇ ਮੁਖੀ ਹਨ। ਡਾਕਟਰ ਸਲਮਾਨ ਨੇ ਕਿਹਾ ਕਿ ਅਸੀਂ ਵਾਇਰਸ ਦੇ ਖਿਲਾਫ ਲੜਾਈ ਵਿਚ ਫ੍ਰੰਟਲਾਈਨ 'ਤੇ ਹਾਂ, ਜੇਕਰ ਸਾਨੂੰ ਨਹੀਂ ਬਚਾਇਆ ਗਿਆ ਤਾਂ ਪੂਰੀ ਆਬਾਦੀ ਨੂੰ ਖਤਰਾ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ 30 ਡਾਕਟਰ ਤੇ ਨਰਸਾਂ ਹੜਤਾਲ 'ਤੇ ਬੈਠੇ ਹਨ ਜਦਕਿ ਰੋਜ਼ 200 ਮੈਡੀਕਲ ਕਰਮਚਾਰੀ ਪ੍ਰਦਰਸ਼ਨ ਵਿਚ ਉਹਨਾਂ ਦੇ ਨਾਲ ਆ ਰਹੇ ਹਨ।

ਉਥੇ ਹੀ ਯੰਗ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਖਿਜਾਰ ਹਯਾਤ ਨੇ ਕਿਹਾ ਕਿ ਅਸੀਂ ਸਿਰਫ ਆਪਣੀ ਕਮਿਊਨਿਟੀ ਦੇ ਲਈ ਨਿਆ ਮੰਗ ਰਹੇ ਹਾਂ। ਉਹਨਾਂ ਕਿਹਾ ਕਿ ਹਸਪਤਾਲ ਸਟਾਫ ਆਪਣਾ ਕੰਮ ਛੱਡ ਕੇ ਪ੍ਰਦਰਸ਼ਨ ਨਹੀਂ ਕਰਨਗੇ। ਹਾਲਾਂਕਿ ਪੰਜਾਬ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀਪੀਆਈ ਨੂੰ ਲੈ ਕੇ ਹਸਪਤਾਲ ਦੇ ਪੁਰਾਣੇ ਬੈਕਲਾਗ ਨੂੰ ਕਲੀਅਰ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਲੋੜੀਂਦੀ ਮਾਤਰਾ ਵਿਚ ਪੀਪੀਆਈ ਮੁਹੱਈਆ ਕਰਵਾਏ ਗਏ ਹਨ। 

Baljit Singh

This news is Content Editor Baljit Singh