ਅਮਰੀਕਾ ਦੇ ਵਿਸ਼ੇਸ਼ ਦੂਤ ਖਲੀਲਜ਼ਾਦ ਗੱਲਬਾਤ ਲਈ ਪਹੁੰਚੇ ਪਾਕਿ

10/02/2019 3:21:31 PM

ਇਸਲਾਮਾਬਾਦ (ਭਾਸ਼ਾ)— ਅਫਗਾਨਿਸਤਾਨ ਦੇ ਮੁੱਦੇ 'ਤੇ ਗੱਲਬਾਤ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਜ਼ਲਮਯ ਖਲੀਲਜ਼ਾਦ ਪਾਕਿਸਤਾਨ ਪਹੁੰਚ ਗਏ ਹਨ। ਇੱਥੇ ਉਹ ਪਾਕਿਸਤਾਨੀ ਨੇਤਾਵਾਂ ਨਾਲ ਸ਼ਾਂਤੀ ਵਾਰਤਾ ਨੂੰ ਮੁੜ ਬਹਾਲ ਕਰਨ 'ਤੇ ਚਰਚਾ ਕਰਨ ਲਈ ਅਤੇ ਤਾਲਿਬਾਨ ਦੇ ਸਹਿ ਸੰਸਥਾਪਕ ਤੇ ਮੁੱਖ ਸ਼ਾਂਤੀ ਵਾਰਤਾਕਾਰ ਮੁੱਲਾ ਅਬਦੁੱਲ ਗਨੀ ਬਰਾਦਰ ਦੀ ਅਗਵਾਈ ਵਾਲੇ ਤਾਲਿਬਾਨ ਵਫਦ ਦੇ ਨਾਲ ਸੰਭਾਵਿਤ ਬੈਠਕ ਕਰਨ ਲਈ ਪਹੁੰਚੇ ਹਨ। ਖਲੀਲਜ਼ਾਦ ਦੀ ਯਾਤਰਾ ਅਜਿਹੇ ਸਮੇਂ ਵਿਚ ਹੋ ਰਹੀ ਹੈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੁਝ ਦਿਨ ਪਹਿਲਾਂ ਅਮਰੀਕਾ ਦੀ ਯਾਤਰਾ ਕੀਤੀ ਸੀ।

ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰ ਕੇ ਅਫਗਾਨਿਸਤਾਨ ਵਿਚ ਸ਼ਾਂਤੀ ਲਿਆਉਣ ਦੀ ਦਿਸ਼ਾ ਵਿਚ ਗੱਲਬਾਤ ਬਹਾਲ ਕਰਨ ਸਮੇਤ ਹੋਰ ਮੁੱਦਿਆਂ 'ਤੇ ਚਰਚਾ ਕੀਤੀ ਸੀ। ਖਲੀਲਜ਼ਾਦ ਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਸੈਸ਼ਨ ਵਿਚ ਸ਼ਾਮਲ ਹੋਣ ਲਈ ਆਏ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਮੁਲਾਕਾਤ ਕੀਤੀ ਸੀ, ਜਿੱਥੇ ਦੋਹਾਂ ਨੇ ਤਾਲਿਬਾਨ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਸਨ। ਅਮਰੀਕਾ ਅਤੇ ਤਾਲਿਬਾਨ ਡਰਾਫਟ ਸ਼ਾਂਤੀ ਯੋਜਨਾ 'ਤੇ ਸਹਿਮਤ ਸਨ ਪਰ ਪਿਛਲੇ ਮਹੀਨੇ ਕਾਬੁਲ ਵਿਚ ਇਕ ਆਤਮਘਾਤੀ ਹਮਲੇ ਵਿਚ ਇਕ ਅਮਰੀਕੀ ਫੌਜੀ ਦੀ ਹੱਤਿਆ ਦੇ ਬਾਅਦ ਰਾਸ਼ਟਰਪਤੀ ਟਰੰਪ ਨੇ ਗੱਲਬਾਤ ਦੀ ਪ੍ਰਕਿਰਿਆ ਰੱਦਕਰ ਦਿੱਤੀ ਸੀ। ਇਸ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਸੀ। 

ਤਾਲਿਬਾਨ ਦੇ ਬੁਲਾਰੇ ਨੇ ਦੱਸਿਆ ਕਿ ਮੁੱਲਾ ਬਰਾਦਰ ਦੀ ਅਗਵਾਈ ਵਿਚ ਅਫਗਾਨ ਤਾਲਿਬਾਨ ਦਾ ਇਕ ਵਫਦ ਬੁੱਧਵਾਰ ਨੂੰ ਪਾਕਿਸਤਾਨ ਦੀ ਯਾਤਰਾ ਕਰੇਗਾ, ਜਿਸ ਦਾ ਉਦੇਸ਼ ਸ਼ਾਂਤੀ ਪ੍ਰਕਿਰਿਆ ਨੂੰ ਮੁੜ ਪਟੜੀ 'ਤੇ ਲਿਆਉਣਾ ਹੈ। ਖਲੀਲਜ਼ਾਦ ਮੰਗਲਵਾਰ ਨੂੰ ਇਸਲਾਮਾਬਾਦ ਪਹੁੰਚੇ ਹਨ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਫੌਜ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਦੀ ਤਾਲਿਬਾਨ ਵਫਦ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ ਜੋ ਕਰੀਬ ਇਕ ਮਹੀਨੇ ਵਿਚ ਦੋਹਾਂ ਪੱਖਾਂ ਵਿਚਾਲੇ ਪਹਿਲਾ ਸਿੱਧਾ ਸੰਪਰਕ ਹੋਵੇਗਾ।

Vandana

This news is Content Editor Vandana