ਚੀਨ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਨਹੀਂ ਬੁਲਾਵੇਗਾ ਪਾਕਿਸਤਾਨ

02/02/2020 3:23:56 AM

ਇਸਲਾਮਾਬਾਦ - ਪਾਕਿਸਤਾਨ ਅਤੇ ਚੀਨ ਵਿਚਾਲੇ ਸਾਰੀਆਂ ਉਡਾਣਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਸਿਵਲ ਏਵੀਏਸ਼ਨ ਵਿਭਾਗ ਵੱਲੋਂ ਜਾਰੀ ਇਕ ਨੋਟਿਸ ਵਿਚ ਆਖਿਆ ਗਿਆ ਹੈ ਕਿ ਮੌਜੂਦਾ ਪਾਬੰਦੀ 2 ਫਰਵਰੀ ਤੱਕ ਲਾਗੂ ਰਹੇਗੀ। ਇਸ ਤੋਂ ਬਾਅਦ ਇਸ ਵਿਚ ਸੋਧ ਕੀਤਾ ਜਾ ਸਕਦਾ ਹੈ। ਹਾਲਾਂਕਿ ਵਿਭਾਗ ਵੱਲੋਂ ਜਾਰੀ ਜਾਣਕਾਰੀ ਵਿਚ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਚੀਨ ਵਿਚ ਫੈਲੇ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦੇ ਚੁੱਕਿਆ ਗਿਆ ਹੈ।

ਚੀਨ ਦੇ ਲਗਭਗ ਹਰ ਸੂਬੇ ਵਿਚ ਕੋਰੋਨਾਵਾਇਰਸ ਦਾ ਪੀਡ਼ਤ ਪਾਇਆ ਗਿਆ। ਚੀਨ ਵਿਚ ਹੁਣ ਤੱਕ ਕੋਰੋਨਾਵਾਇਰਸ ਕਾਰਨ 259 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਚੀਨ ਦੇ ਨਾਲ ਹਵਾਈ ਸੇਵਾ ਨੂੰ ਮੁਅੱਤਲ ਕਰਨ ਵਾਲਾ ਪਾਕਿਸਤਾਨ ਪਹਿਲਾ ਮੁਲਕ ਨਹੀਂ ਹੈ। ਇਸ ਤੋਂ ਪਹਿਲਾਂ ਅਫਰੀਕੀ ਏਅਰਲਾਇੰਸ ਨੇ ਸ਼ੁੱਕਰਵਾਰ ਨੂੰ ਚੀਨ ਲਈ ਆਪਣੀ ਉਡਾਣਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਪਰ ਇਥੋਪੀਆ ਨੇ ਇਕ ਬਿਆਨ ਜਾਰੀ ਕਰ ਆਖਿਆ ਹੈ ਕਿ ਉਹ ਚੀਨ ਲਈ ਆਪਣੀ ਕਿਸੇ ਵੀ ਉਡਾਣ ਨੂੰ ਰੱਦ ਨਹੀਂ ਕਰੇਗਾ। ਇਸ ਤੋਂ ਇਲਾਵਾ ਕਈ ਯੂਰਪੀ ਅਤੇ ਏਸ਼ੀਆਈ ਏਅਰਲਾਇੰਸ ਨੇ ਚੀਨ ਦੇ ਨਾਲ ਆਪਣੇ ਹਵਾਈ ਸੰਚਾਲਨ ਨੂੰ ਦਾ ਮੁਅੱਤਲ ਕਰ ਦਿੱਤਾ ਹੈ ਜਾਂ ਉਡਾਣਾਂ ਦੀ ਗਿਣਤੀ ਘੱਟ ਕਰ ਦਿੱਤੀ ਹੈ।

ਪਾਕਿਸਤਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਆਪਣੇ ਨਾਗਰਿਕਾਂ ਨੂੰ ਫਿਲਹਾਲ ਵਾਪਸ ਨਹੀਂ ਬੁਲਾਵੇਗੀ। ਵੀਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਪਾਕਿਸਤਾਨ ਦੇ ਸਿਹਤ ਰਾਜ ਮੰਤਰੀ ਡਾ. ਜ਼ਫਰ ਮਿਰਜ਼ਾ ਨੇ ਆਖਿਆ ਕਿ ਪਾਕਿਸਤਾਨ ਨੇ ਵਿਸ਼ਵ ਸਿਹਤ ਸੰਗਠਨ ਦੇ ਪ੍ਰਸਤਾਵ ਦੇ ਮੱਦੇਨਜ਼ਰ ਆਪਣੇ ਲੋਕਾਂ ਨੂੰ ਉਥੋਂ ਵਾਪਸ ਨਾ ਲਿਆਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਜੇਕਰ ਅਸੀਂ ਗੈਰ-ਜ਼ਿੰਮੇਦਾਰਾਨਾ ਵਿਵਹਾਰ ਕਰਦੇ ਹਾਂ ਤਾਂ ਇਸ ਦਾ ਅਸਰ ਜੰਗਲ ਵਿਚ ਫੈਲ ਰਹੀ ਅੱਗ ਵਾਂਗ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਇਹ ਜ਼ਰੂਰ ਆਖਿਆ ਕਿ ਇਸ ਮੁਸ਼ਕਿਲ ਵੇਲੇ ਵਿਚ ਉਹ ਚੀਨ ਦੇ ਨਾਲ ਖਡ਼੍ਹੇ ਹਨ ਅਤੇ ਇਸ ਸਥਿਤੀ ਵਿਚ ਚੀਨ ਵੱਲੋਂ ਅਪਣਾਈਆਂ ਜਾ ਰਹੀਆਂ ਨੀਤੀਆਂ ਦਾ ਸਨਮਾਨ ਕਰਦੇ ਹਨ। ਉਨ੍ਹਾਂ ਆਖਿਆ ਕਿ ਪਾਕਿਸਤਾਨ ਇਸ ਮਸਲੇ 'ਤੇ ਜਲਦਬਾਜ਼ੀ ਵਿਚ ਕੋਈ ਫੈਸਲਾ ਨਹੀਂ ਲਵੇਗਾ।


Khushdeep Jassi

Content Editor

Related News