ਚੀਨ ਤੋਂ ਗਰੀਬੀ ਦੂਰ ਕਰਨੀ ਸਿੱਖੇਗਾ ਪਾਕਿਸਤਾਨ

11/12/2018 2:24:30 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਦੇਸ਼ 'ਚ ਗਰੀਬੀ ਦੂਰ ਕਰਨ ਲਈ ਸਾਨੂੰ ਚੀਨ ਦੇ ਗਰੀਬੀ ਖਤਮ ਕਰਨ ਦੇ ਪ੍ਰੋਗਰਾਮ ਚੋਂ ਸਿੱਖਣ ਦੀ ਲੋੜ ਹੈ। ਲਾਹੌਰ 'ਚ ਸ਼ਨੀਵਾਰ ਨੂੰ ਇਕ ਸ਼ੈਲਟਰ ਹੋਮ ਦੇ ਉਦਘਾਟਨ ਦੌਰਾਨ ਇਮਰਾਨ ਨੇ ਕਿਹਾ ਕਿ ਚੀਨ ਨੇ ਪਿਛਲੇ ਦਹਾਕਿਆਂ 'ਚ ਆਪਣੇ 70 ਕਰੋੜ ਨਾਗਰਿਕਾਂ ਨੂੰ ਗਰੀਬੀ ਰੇਖਾ ਤੋਂ ਉਪਰ ਚੁੱਕਿਆ ਹੈ। ਇਹ ਦੁਨੀਆ ਦੇ ਇਤਿਹਾਸ 'ਚ ਇਕ ਵੱਡੀ ਉਪਲੱਬਧੀ ਹੈ। ਪਾਕਿਸਤਾਨ ਇਸ ਤੋਂ ਬਹੁਤ ਕੁਝ ਸਿੱਖ ਸਕਦਾ ਹੈ।

ਦੇਸ਼ ਦੀ ਖਸਤਾਹਾਲ ਅਰਥਵਿਵਸਥਾ ਨੂੰ ਚੁੱਕਣ ਲਈ ਆਰਥਿਕ ਮਦਦ ਲੈਣ ਲਈ ਇਮਰਾਨ ਖਾਨ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਚੀਨ ਦਾ ਦੌਰਾ ਕੀਤਾ ਸੀ। ਇਮਰਾਨ ਨੇ ਕਿਹਾ ਕਿ ਗਰੀਬੀ ਦੂਰ ਕਰਨ 'ਤੇ ਵਿਆਪਕ ਰਣਨੀਤੀ ਬਣਾਉਣ ਦੇ ਸਬੰਧ 'ਚ ਅਸੀਂ ਚੀਨ ਤੋਂ ਮਦਦ ਲੈ ਰਹੇ ਹਾਂ। ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਮੇਰੀ ਸਰਕਾਰ ਗਰੀਬੀ ਦੂਰ ਕਰਨ ਲਈ ਜਲਦੀ ਪੈਕੇਜ ਲੈ ਕੇ ਆਵੇਗੀ ਤਾਂਕਿ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਚਾ ਚੁੱਕਿਆ ਜਾ ਸਕੇ। ਇਸ ਲਈ ਕੋਆਰਡੀਨੇਟਡ ਕੋਸ਼ਿਸ਼ਾਂ ਦੀ ਲੋੜ ਹੋਵੇਗੀ।

ਪਾਕਿਸਤਾਨ ਆਰਥਿਕ ਸਰਵੇ-2018 ਮੁਤਾਬਕ 20 ਕਰੋੜ ਦੀ ਆਬਾਦੀ ਵਾਲੇ ਪਾਕਿਸਤਾਨ 'ਚ 24 ਫੀਸਦੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਜੀਅ ਰਹੇ ਹਨ। ਇਮਰਾਨ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਚੀਨੀ ਪੱਖ ਤੋਂ ਪਾਕਿਸਤਾਨ 'ਚ ਗਰੀਬੀ ਘਟਾਉਣ ਲਈ ਇਕ ਵਿਆਪਕ ਰਣਨੀਤੀ ਬਣਾਉਣ ਤੇ ਨਿਵੇਸ਼ ਨੂੰ ਲੈ ਕੇ ਗੱਲਬਾਤ ਸ਼ੁਰੂ ਕਰ ਚੁੱਕੀ ਹੈ।