ਪਾਕਿਸਤਾਨ ਹੋਵੇਗਾ ਲੋਨ ਡਿਫਾਲਟਰ! ਫਿਚ ਨੇ ਘਟਾਈ ਰੇਟਿੰਗ, ਜਾਰੀ ਕੀਤੀ ਚਿਤਾਵਨੀ

02/16/2023 6:56:23 PM

ਨਵੀਂ ਦਿੱਲੀ : ਪਾਕਿਸਤਾਨ ਹਾਲ ਹੀ ਦੇ ਸਮੇਂ ਵਿੱਚ ਆਰਥਿਕ ਸੰਕਟ, ਪਿਛਲੀਆਂ ਗਰਮੀਆਂ ਦੇ ਵਿਨਾਸ਼ਕਾਰੀ ਹੜ੍ਹਾਂ ਅਤੇ ਦੇਸ਼ ਭਰ ਵਿੱਚ ਅੱਤਵਾਦੀ ਹਮਲਿਆਂ ਵਿੱਚ ਵਾਧੇ ਕਾਰਨ ਅਸਥਿਰਤਾ ਨਾਲ ਜੂਝ ਰਿਹਾ ਹੈ। ਇਸ ਦੌਰਾਨ ਦੀਵਾਲੀਆ ਹੋਣ ਦੀ ਕਗਾਰ 'ਤੇ ਖੜ੍ਹੇ ਪਾਕਿਸਤਾਨ ਲਈ ਇਕ ਹੋਰ ਬੁਰੀ ਖ਼ਬਰ ਆਈ ਹੈ। ਨਿਊਯਾਰਕ ਸਥਿਤ ਗਲੋਬਲ ਰੇਟਿੰਗ ਏਜੰਸੀ ਫਿਚ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਥਿਤੀ 'ਚ ਸੁਧਾਰ ਨਾ ਹੋਇਆ ਤਾਂ ਪਾਕਿਸਤਾਨ ਜਲਦ ਹੀ ਕਰਜ਼ ਡਿਫਾਲਟਰ ਬਣ ਸਕਦਾ ਹੈ। ਦਰਅਸਲ ਵਿਦੇਸ਼ੀ ਮੁਦਰਾ ਭੰਡਾਰ 'ਚ ਭਾਰੀ ਗਿਰਾਵਟ ਤੋਂ ਬਾਅਦ ਪਾਕਿਸਤਾਨ ਆਪਣੇ ਕਰਜ਼ੇ ਦਾ ਭੁਗਤਾਨ ਕਰਨ ਵਿਚ ਵੀ ਅਸਮਰੱਥ ਹੁੰਦਾ ਜਾ ਰਿਹਾ ਹੈ। ਉਸਦੀ ਅਰਥਵਿਵਸਥਾ ਵੱਡੇ ਲੋਨ ਜੋਖ਼ਮ ਦਾ ਸਾਹਮਣਾ ਕਰ ਰਹੀ ਹੈ। 

ਇਹ ਵੀ ਪੜ੍ਹੋ : ਰੁਪਏ ’ਚ ਵਿਦੇਸ਼ੀ ਕਾਰੋਬਾਰ ਦੀ ਸ਼ੁਰੂਆਤ, 20 ਬੈਂਕਾਂ ਨੇ ਖੋਲ੍ਹੇ ਵਿਸ਼ੇਸ਼ ਖਾਤੇ

ਇਸ ਦੌਰਾਨ, ਫਿਚ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਦੀ ਲੰਬੇ ਸਮੇਂ ਦੀ ਵਿਦੇਸ਼ੀ-ਮੁਦਰਾ ਜਾਰੀਕਰਤਾ ਡਿਫਾਲਟ ਰੇਟਿੰਗ (IDR) ਨੂੰ CCC+ ਤੋਂ ਘਟਾ ਕੇ CCC- ਕਰ ਦਿੱਤਾ ਗਿਆ ਹੈ। ਵਿਦੇਸ਼ੀ ਮੁਦਰਾ ਭੰਡਾਰ ਵਿੱਚ ਘਾਟ ਦੇ ਕਾਰਨ ਰੇਟਿੰਗ ਨੂੰ ਡਾਊਨਗ੍ਰੇਡ ਕੀਤਾ ਗਿਆ ਹੈ। ਏਜੰਸੀ ਦੀ ਰੇਟਿੰਗ ਐਕਸ਼ਨ ਕਮੈਂਟਰੀ ਮੁਤਾਬਕ ਉਨ੍ਹਾਂ ਨੂੰ ਉਮੀਦ ਹੈ ਕਿ ਪਾਕਿਸਤਾਨ ਆਈਐਮਐਫ ਨਾਲ ਸੌਦੇ ਵਿੱਚ ਕਾਮਯਾਬ ਰਹੇਗਾ ਪਰ ਰੇਟਿੰਗ ਘਟਣ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਣਗੀਆਂ। 

ਫਿਚ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਕਰਜ਼ਾ ਡਿਫਾਲਟ ਇੱਕ ਅਸਲ ਸੰਭਾਵਨਾ ਹੈ। ਫਿਚ ਨੇ ਪਾਕਿਸਤਾਨ ਦੇ ਲੰਬੇ ਸਮੇਂ ਲਈ ਵਿਦੇਸ਼ੀ ਮੁਦਰਾ ਜਾਰੀ ਕਰਨ ਵਾਲੇ ਡਿਫਾਲਟ ਰੇਟਿੰਗ(IDR) ਨੂੰ 'CCC+' ਤੋਂ ਘਟਾ ਕੇ CCC- ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਉਸ ਦੀ ਤਰਲਤਾ ਅਤੇ ਨੀਤੀਗਤ ਜੋਖਮਾਂ ਵਿਚ ਹੋਰ ਗਿਰਾਵਟ ਆਈ ਹੈ। ਫਿਚ ਨੇ ਕਿਹਾ ਕਿ ਰੇਟਿੰਗ ਜਾ ਡਾਊਨਗ੍ਰੇਡ ਹੋਣਾ ਬਾਹਰੀ ਲਿਕੁਇਡਿਟੀ ਅਤੇ ਫੰਡਿੰਗ ਦੀ ਸਥਿਤੀ ਵਿਚ ਤੇਜ਼ ਗਿਰਾਵਟ ਨੂੰ ਦਰਸਾਉਂਦਾ ਹੈ। ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ਵਿਚ ਮੌਜੂਦਾ ਸਮੇਂ ਵਿਚ ਵੱਡੀ ਗਿਰਾਵਟ ਦੇਖੀ ਗਈ ਹੈ।

ਇਹ ਵੀ ਪੜ੍ਹੋ : ਕੰਗਾਲ ਪਾਕਿਸਤਾਨ 'ਚ ਮਹਿੰਗਾਈ ਨੇ ਹਾਲੋ-ਬੇਹਾਲ ਕੀਤੇ ਲੋਕ, 1 ਲਿਟਰ ਦੁੱਧ ਦੀ ਕੀਮਤ 210 ਰੁਪਏ ਤੋਂ ਪਾਰ

ਫਿਚ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਡਿੱਗਦੇ ਭੰਡਾਰ, ਭਾਰੀ ਗਿਰਾਵਟ, ਚਾਲੂ ਖਾਤੇ ਦੇ ਘਾਟੇ (ਸੀਏਡੀ), ਬਾਹਰੀ ਕਰਜ਼ੇ ਅਤੇ ਪਾਕਿਸਤਾਨ ਦੇ ਕੇਂਦਰੀ ਬੈਂਕ ਦੇ ਵਿਦੇਸ਼ੀ ਭੰਡਾਰ ਦੇ ਮੱਦੇਨਜ਼ਰ ਸਥਿਤੀ ਖਾਸ ਤੌਰ 'ਤੇ 2022 ਲਈ ਬਹੁਤ ਉਤਸ਼ਾਹਜਨਕ ਨਹੀਂ ਲੱਗ ਰਹੀ ਹੈ। ਏਜੰਸੀ ਨੇ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ਦੇ ਹੇਠਲੇ ਪੱਧਰ 'ਤੇ ਰਹਿਣ ਦੀ ਉਮੀਦ ਹੈ। ਹਾਲਾਂਕਿ ਅਨੁਮਾਨਿਤ ਮੁਦਰਾ ਪ੍ਰਵਾਹ ਅਤੇ ਐਕਸਚੇਂਜ ਰੇਟ ਕੈਪ ਨੂੰ ਹਾਲ ਹੀ ਵਿੱਚ ਹਟਾਉਣ ਦੇ ਕਾਰਨ, FY23 ਦੇ ਬਾਕੀ ਮਹੀਨਿਆਂ ਵਿੱਚ ਸੁਧਾਰ ਦੀ ਗੁੰਜਾਇਸ਼ ਬਣੀ ਹੋਈ ਹੈ। ਫਿਚ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫੰਡ(IMF) ਪ੍ਰੋਗਰਾਮ ਦੀ 9ਵੀਂ ਸਮੀਖਿਆ ਨੂੰ ਸਫ਼ਲਤਾਪੂਰਵਕ ਪੂਰਾ ਕਰ ਲਵੇਗਾ। 2019 ਬੇਲਆਊਟ ਦਾ ਇਕ ਮਹੱਤਵਪੂਰਨ USD 1.2 ਬਿਲੀਅਨ ਹਿੱਸਾ ਪਿਛਲੇ ਸਾਲ ਦਸੰਬਰ ਤੋਂ ਰੁਕਿਆ ਹੋਇਆ ਸੀ।

IMF ਨੇ ਪਾਕਿਸਤਾਨ ਨੂੰ ਹੋਰ ਨਕਦੀ ਦੀ ਵਿਵਸਥਾ ਕਰਨ ਲ਼ਈ ਬੇਨਤੀ ਕੀਤੀ ਸੀ। ਦੇਸ਼ ਦੇ ਕੇਂਦਰੀ ਬੈਂਕ ਦੇ ਅਨੁਮਾਨ ਦੇ ਅਨੁਸਾਰ 3 ਫਰਵਰੀ ਨੂੰ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਭਗ 2.9 ਬਿਲੀਅਨ ਅਮਰੀਕੀ ਡਾਲਰ ਸੀ, ਜਿਹੜਾ ਕਿ ਤਿੰਨ ਹਫ਼ਤਿਆਂ ਦੇ ਆਯਾਤ ਲਈ ਲੌੜੀਂਦੀ ਵਿਦੇਸ਼ੀ ਭੰਡਾਰ ਲਈ ਕਾਫੀ ਨਹੀਂ ਸੀ। ਪਾਕਿਸਤਾਨ ਨੇ ਇਸਲਾਮਾਬਾਦ ਵਿਚ ਆਈਐੱਮਐੱਫ ਪ੍ਰਤੀਨਿਧੀ ਮੰਡਲ ਦੇ ਨਾਲ 10 ਦਿਨਾਂ ਤੱਕ ਡੂੰਘੀ ਗੱਲਬਾਤ ਕੀਤੀ , ਪਰ ਕਿਸੇ ਸਮਝੌਤੇ 'ਤੇ ਨਹੀਂ ਪਹੁੰਚ ਸਕੇ। ਆਈਐਮਐਫ ਅਤੇ ਪਾਕਿਸਤਾਨ ਸਰਕਾਰ ਨੇ ਸੋਮਵਾਰ ਨੂੰ ਅਸਲ ਵਿੱਚ ਗੱਲਬਾਤ ਮੁੜ ਸ਼ੁਰੂ ਕੀਤੀ, ਇਸ ਉਮੀਦ ਨਾਲ ਕਿ ਜਲਦੀ ਹੀ ਇੱਕ ਸਮਝੌਤਾ ਹੋ ਜਾਵੇਗਾ, ਜੋ ਕਿ ਦੇਸ਼ ਦੀ ਬਿਮਾਰ ਆਰਥਿਕਤਾ ਇਸ ਨੂੰ ਹੁਲਾਰਾ ਦੇਵੇਗਾ। 

ਇਹ ਵੀ ਪੜ੍ਹੋ : ਪਾਕਿਸਤਾਨ 'ਚ ਮਹਿੰਗਾਈ ਨੇ ਖ਼ਪਤਕਾਰਾਂ ਦੇ ਕੱਢੇ ਹੰਝੂ, ਖ਼ੁਰਾਕ ਦੇ ਮੁੱਖ ਸਰੋਤ 'ਚਿਕਨ' ਦੀਆਂ ਕੀਮਤਾਂ ਨੇ ਤੋੜੇ ਰਿਕਾਰਡ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur