ਪ੍ਰਕਾਸ਼ ਪੁਰਬ ਲਈ ਪਾਕਿ 1 ਸਤੰਬਰ ਤੋਂ ਸ਼ੁਰੂ ਕਰੇਗਾ ਵੀਜ਼ਾ ਪ੍ਰਕਿਰਿਆ

08/29/2019 12:40:37 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨੀ ਅਧਿਕਾਰੀਆਂ ਨੇ ਫੈਸਲਾ ਲਿਆ ਹੈ ਕਿ ਉਹ ਨਨਕਾਣਾ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ਵਿਚ ਹਿੱਸਾ ਲੈਣ ਵਾਲੇ ਭਾਰਤ ਅਤੇ ਦੁਨੀਆ ਭਰ ਦੇ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਜਲਦੀ ਪੂਰੀ ਕਰਨਗੇ। ਇਸ ਲਈ ਉਨ੍ਹਾਂ ਨੇ 30 ਸਤੰਬਰ ਤੱਕ ਦਾ ਸਮਾਂ ਤੈਅ ਕੀਤਾ ਹੈ। ਪਾਕਿਸਤਾਨ ਦੇ ਇਕ ਅੰਗਰੇਜ਼ੀ ਅਖਬਾਰ ਮੁਤਾਬਕ ਬੁੱਧਵਾਰ ਨੂੰ ਲਾਹੌਰ ਵਿਚ ਪੰਜਾਬ ਸੂਬੇ ਦੇ ਰਾਜਪਾਲ ਚੌਧਰੀ ਸਰਵਰ ਦੀ ਪ੍ਰਧਾਨਗੀ ਵਿਚ ਧਾਰਮਿਕ ਟੂਰਿਜ਼ਮ ਅਤੇ ਵਿਰਾਸਤ ਕਮੇਟੀ (RTHC) ਦੀ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ। 

ਬੈਠਕ ਦੇ ਬਾਅਦ ਰਾਜਪਾਲ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਪ੍ਰਕਿਰਿਆ 1 ਸਤੰਬਰ ਨੂੰ ਸ਼ੁਰੂ ਹੋਵੇਗੀ ਅਤੇ ਮਹੀਨੇ ਦੇ ਅਖੀਰ ਤੱਕ ਪੂਰੀ ਕਰ ਲਈ ਜਾਵੇਗੀ।  ਉਨ੍ਹਾਂ ਨੇ ਕਿਹਾ ਕਿ ਨਨਕਾਣਾ ਸਾਹਿਬ ਵਿਚ ਯਾਤਰੀਆਂ ਦੇ ਠਹਿਰਣ ਲਈ ‘ਤੰਬੂ ਦਾ ਇਕ ਸ਼ਹਿਰ’ ਸਥਾਪਿਤ ਕਰਨ ਦਾ ਕੰਮ ਅਗਲੇ ਹਫਤੇ ਸ਼ੁਰੂ ਹੋਵੇਗਾ। ਸਰਵਰ ਨੇ  ਕਿਹਾ ਕਿ ਭਾਰਤ ਦੇ ਇਲਾਵਾ ਸੰਮੇਲਨ ਵਿਚ ਹਿੱਸਾ ਲੈਣ ਲਈ ਕਈ ਸਿੱਖ ਸ਼ਰਧਾਲੂ ਬਿ੍ਰਟੇਨ, ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਵੀ ਪਹੁੰਚਣਗੇ। 

ਅਖਬਾਰ ਨੇ ਰਾਜਪਾਲ ਦੇ ਹਵਾਲੇ ਨਾਲ ਦੱਸਿਆ ਕਿ ਭਾਵੇਂ ਭਾਰਤ ਇਸ ਕੰਮ ਵਿਚ ਦੇਰੀ ਕਰੇ ਪਰ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ ਨੂੰ ਨਵੰਬਰ ਤੱਕ ਪੂਰਾ ਕਰ ਲਵੇਗਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਘੱਟ ਗਿਣਤੀਆਂ ਦੇ ਅਧਿਕਾਰਾਂ ਨਾਲ ਸਮਝੌਤਾ ਨਹੀਂ ਕਰੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਲਈ ਸੁਰੱਖਿਅਤ ਹੈ। ਕਮੇਟੀ ਨੇ ਉਨ੍ਹਾਂ ਵਿਵਸਥਾਵਾਂ ਦੀ ਵੀ ਸਮੀਖਿਆ ਕੀਤਾ ਜੋ 31 ਅਗਸਤ ਨੂੰ ਗਵਰਨਰ ਹਾਊਸ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਸਿੱਖ ਸੰਮੇਲਨ ਲਈ ਕੀਤੀਆਂ ਗਈਆਂ ਹਨ। 

ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਰੇਲਵੇ ਸਟੇਸ਼ਨ ਤੋਂ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਲਈ ਵਿਸ਼ੇਸ਼ ਸ਼ਟਲ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਪਿਛਲੇ ਮਹੀਨੇ 500 ਤੋਂ ਵੱਧ ਭਾਰਤੀ ਸਿੱਖ ਸ਼ਰਧਾਲੂਆਂ ਦੇ ਇਕ ਵਿਸ਼ੇਸ਼ ਜੱਥੇ ਨੂੰ ਪਾਕਿਸਤਾਨ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਨਨਕਾਣਾ ਸਾਹਿਬ ਦਾ ਵੀਜ਼ਾ ਦਿੱਤਾ ਗਿਆ ਸੀ। 

Vandana

This news is Content Editor Vandana