ਪਾਕਿਸਤਾਨ ਨੇ ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ

07/19/2017 5:42:38 PM

ਇਸਲਾਮਾਬਾਦ— ਪਾਕਿਸਤਾਨ ਨੇ ਭਾਰਤੀ ਫ਼ੌਜੀਆਂ ਦੁਆਰਾ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਕਥਿਤ ਉਲੰਘਣਾ ਵਿਚ 2 ਨਾਗਰਿਕਾਂ ਦੇ ਮਾਰੇ ਜਾਣ ਅਤੇ 6 ਹੋਰ ਦੇ ਜ਼ਖਮੀ ਹੋਣ ਮਗਰੋਂ ਬੁੱਧਵਾਰ ਨੂੰ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਜੇ. ਪੀ. ਸਿੰਘ ਨੂੰ ਤਲਬ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜਕਰਿਯਾ ਨੇ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ ਨੇ ਕਲ ਬਰੋਹ ਅਤੇ ਤੰਦਾਰ ਸੈਕਟਰਾਂ ਵਿਚ ਗੋਲੀਬਾਰੀ ਕੀਤੀ। 
ਮਹਾਨਿਦੇਸ਼ਕ (ਦੱਖਣੀ ਏਸ਼ੀਆ ਅਤੇ ਸਾਰਕ) ਮੁਹੰਮਦ ਫੈਸਲ ਨੇ ਭਾਰਤੀ ਡਿਪਟੀ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਭਾਰਤੀ ਬਲਾਂ ਦੁਆਰਾ '' ਬਿਨਾ ਉਕਸਾਵੇ ਦੇ ਕੀਤੇ ਗਈ ਜੰਗਬੰਦੀ ਉਲੰਘਣਾ ਦੀ ਨਿੰਦਾ ਕੀਤੀ।''  ਫੈਸਲ ਨੇ ਕਿਹਾ,'' ਨਾਗਰਿਕਾਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਉਣਾ ਅਸਲ ਵਿਚ ਦੁੱਖਦਾਈ ਹੈ ਅਤੇ ਮਨੁੱਖੀ ਸ਼ਾਨ ਅਤੇ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਕਾਨੂੰਨਾਂ ਦੇ ਉਲਟ ਹੈ।'' ਉਨ੍ਹਾਂ ਨੇ ਭਾਰਤ ਨੂੰ ਸਾਲ 2003 ਦੀ ਜੰਗਬੰਦੀ ਵਿਵਸਥਾ ਦਾ ਸਨਮਾਨ ਕਰਨ ਅਤੇ ਕੰਟਰੋਲ ਰੇਖਾ 'ਤੇ ਜੰਗਬੰਦੀ ਉਲੰਘਣਾ ਦੀਆਂ ਘਟਨਾਵਾਂ ਦੀ ਜਾਂਚ ਕਰਨ ਦੀ ਅਪੀਲ ਕੀਤੀ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਭਾਰਤੀ ਫ਼ੌਜੀਆਂ ਦੀ ਗੋਲੀਬਾਰੀ ਵਿਚ ਹੋਰ ਨਾਗਰਿਕਾਂ ਦੇ ਮਾਰੇ ਜਾਣ ਦਾ ਦਾਅਵਾ ਕਰਦੇ ਹੋਏ ਇਸ ਤੋਂ ਪਹਿਲਾਂ ਇਸੇ ਮੁੱਦੇ ਨੂੰ ਲੈ ਕੇ ਬੀਤੀ 8 ਅਤੇ 9 ਜੁਲਾਈ ਨੂੰ ਭਾਰਤੀ ਦੂਤ ਨੂੰ ਤਲਬ ਕੀਤਾ ਸੀ।