ਸਿੱਖ ਸੰਗਤਾਂ ਲਈ ਖੁਸ਼ਖਬਰੀ, ਪਾਕਿਸਤਾਨ 29 ਜੂਨ ਨੂੰ ਖੋਲ੍ਹੇਗਾ ਕਰਤਾਰਪੁਰ ਲਾਂਘਾ

06/27/2020 12:30:08 PM

ਲਾਹੌਰ-  ਪਾਕਿਸਤਾਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਸਬੰਧੀ ਮੌਕੇ 29 ਜੂਨ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਟਵੀਟ ਕੀਤਾ, "ਪਾਕਿਸਤਾਨ ਸਾਰੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘੇ ਨੂੰ ਦੁਬਾਰਾ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 29 ਜੂਨ 2020 ਨੂੰ ਲਾਂਘਾ ਖੋਲ੍ਹਣ ਲਈ ਭਾਰਤੀ ਪੱਖ ਨੂੰ ਆਪਣੀ ਤਿਆਰੀ ਬਾਰੇ ਦੱਸ ਰਹੇ ਹਾਂ।"

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ 15 ਮਾਰਚ ਨੂੰ ਕਰਤਾਰਪੁਰ ਲਾਂਘਾ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ। ਪਹਿਲਾਂ ਇਸ ਨੂੰ 31 ਮਾਰਚ ਲਈ ਤੇ ਫਿਰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਪਿਛਲੇ ਸਾਲ 9 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੀਤਾ ਗਿਆ ਸੀ। ਭਾਰਤ ਦੇ ਸਿੱਖ ਬਿਨਾ ਕਿਸੇ ਰੋਕ ਦੇ ਪਾਕਿਸਤਾਨ ਵਿਚ ਸਥਿਤ ਕਰਤਾਰਪੁਰ ਸਾਹਿਬ ਦੀ ਯਾਤਰਾ ਕਰ ਸਕਣ, ਇਸ ਲਈ ਇਸ ਲਾਂਘੇ ਦਾ ਨਿਰਮਾਣ ਕਰਵਾਇਆ ਗਿਆ ਸੀ। 

Lalita Mam

This news is Content Editor Lalita Mam