ਭਾਰਤੀ ਮੰਤਰੀਆਂ ਦੇ ਭਾਸ਼ਣਾਂ ਦਾ ਬਾਈਕਾਟ ਜਾਰੀ ਰਹੇਗਾ: ਪਾਕਿਸਤਾਨ

12/12/2019 8:06:37 PM

ਇਸਲਾਮਾਬਾਦ- ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਕਸ਼ਮੀਰ ਵਿਚ ਸਥਿਤੀ ਨੂੰ ਲੈ ਕੇ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤੀ ਮੰਤਰੀਆਂ ਦੇ ਭਾਸ਼ਣਾਂ ਦਾ ਬਾਈਕਾਟ ਕਰਦਾ ਰਹੇਗਾ। ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਤੁਰਕੀ ਵਿਚ ਹਾਰਟ ਆਫ ਏਸ਼ੀਆ ਕਾਨਫਰੰਸ ਵਿਚ ਭਾਰਤੀ ਮੰਤਰੀ ਦੇ ਭਾਸ਼ਣ ਦਾ ਬਾਈਕਾਟ ਕੀਤਾ ਸੀ।

ਬੀਤੇ ਸੋਮਵਾਰ ਨੂੰ ਇਸਤਾਂਬੁੱਲ ਵਿਚ ਹਾਰਟ ਆਫ ਏਸ਼ੀਆ-ਇਸਤਾਂਬੁੱਲ ਪ੍ਰੋਸੈਸ ਦੇ 8ਵੇਂ ਮੰਤਰੀ ਪੱਧਰੀ ਸੰਮੇਲਨ ਵਿਚ ਜਿਵੇਂ ਹੀ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਜਨਰਲ ਵੀਕੇ ਸਿੰਘ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ, ਕੁਰੈਸ਼ੀ ਹਾਲ ਤੋਂ ਬਾਹਰ ਨਿਕਲ ਆਏ ਸਨ। ਫੈਸਲ ਨੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਹੀ ਕਦਮ ਚੁੱਕੇ ਜਾਣਗੇ। ਉਹਨਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਨਿਸ਼ਚਿਤ ਰੂਪ ਨਾਲ ਅਸੀਂ ਲੋੜ ਦੇ ਮੁਤਾਬਕ ਇਸ ਤਰ੍ਹਾਂ ਦੇ ਕਦਮਾਂ ਨੂੰ ਚੁੱਕਣਾ ਜਾਰੀ ਰੱਖਾਂਗੇ। ਜ਼ਿਕਰਯੋਗ ਹੈ ਕਿ ਸਤੰਬਰ ਵਿਚ ਕੁਰੈਸ਼ੀ ਨੇ ਸਾਰਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਭਾਸ਼ਣ ਦਾ ਵੀ ਬਾਈਕਾਟ ਕੀਤਾ ਸੀ।

Baljit Singh

This news is Content Editor Baljit Singh