ਪਾਕਿ 'ਚ ਚੋਣ ਰੈਲੀ ਦੌਰਾਨ ਡਿੱਗਿਆ ਮੰਚ, ਵਾਲ-ਵਾਲ ਬਚੇ ਨੇਤਾ

07/19/2018 10:45:05 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ 25 ਜੁਲਾਈ ਨੂੰ ਚੋਣਾਂ ਹੋਣੀਆਂ ਹਨ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਵਿਚ ਜੁੱਟੀਆਂ ਹੋਈਆਂ ਹਨ। ਇਸ ਦੌਰਾਨ ਪਾਕਿਸਤਾਨ ਦੇ ਕਬਾਇਲੀ ਜ਼ਿਲਾ ਮੁਹੰਮਦ ਵਿਚ ਜਮਾਤ-ਏ-ਇਸਲਾਮੀ ਦੀ ਰੈਲੀ ਦੌਰਾਨ ਮੰਚ 'ਤੇ ਪਾਰਟੀ ਦੇ ਸਾਰੇ ਨੇਤਾ ਮੌਜੂਦ ਸਨ ਕਿ ਅਚਾਨਕ ਮੰਚ ਹੇਠਾਂ ਡਿੱਗ ਪਿਆ। ਮੰਚ ਦੇ ਅਚਾਨਕ ਡਿੱਗਣ ਕਾਰਨ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਮਿਲਿਆ। ਜਿੱਥੇ ਮੰਚ 'ਤੇ ਬੈਠੇ ਸਾਰੇ ਲੋਕ ਡਿੱਗ ਪਏ, ਉੱਥੇ ਰੈਲੀ ਵਿਚ ਮੌਜੂਦ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਪਾਕਿਸਤਾਨੀ ਮੀਡੀਆ ਮੁਤਾਬਕ ਮੰਚ 'ਤੇ ਸੀਨੀਅਰ ਨੇਤਾਵਾਂ ਦੇ ਨਾਲ ਹੋਰ ਨੇਤਾ ਵੀ ਬੈਠੇ ਸਨ। ਮੰਚ ਜ਼ਿਆਦਾ ਵਜ਼ਨ ਸਹਿਨ ਨਾ ਕਰ ਸਕਿਆ ਅਤੇ ਡਿੱਗ ਪਿਆ।


ਹਾਲਾਂਕਿ ਮੰਚ ਡਿੱਗਣ ਦੇ ਕੁਝ ਦੇਰ ਬਾਅਦ ਹੀ ਜਮਾਤ-ਏ-ਇਸਲਾਮੀ ਦੇ ਨੇਤਾ ਅਮੀਰ ਸਿਰਾਜ ਉਲ ਹੱਕ ਸਾਹਮਣੇ ਆਏ ਅਤੇ ਹੱਥ ਹਿਲਾ ਕੇ ਉਨ੍ਹਾਂ ਨੇ ਸਮਰਥਕਾਂ ਨੂੰ ਭਰੋਸਾ ਦਵਾਇਆ ਕਿ ਉਹ ਠੀਕ ਹਨ। ਨਾਲ ਹੀ ਉਨ੍ਹਾਂ ਨੇ ਪਾਕਿਸਤਾਨੀ ਮੀਡੀਆ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਕਾਰਕੁੰਨ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ। ਉਨ੍ਹਾਂ ਨੇ ਮੰਚ ਦੇ ਡਿੱਗਣ ਵਿਚ ਕਿਸੇ ਵੀ ਸਾਜਸ਼ ਤੋਂ ਇਨਕਾਰ ਕਰਦਿਆਂ ਕਿਹਾ ਕਿ ਜ਼ਿਆਦਾ ਲੋਕਾਂ ਦੇ ਮੰਚ 'ਤੇ ਚੜ੍ਹਨ ਕਾਰਨ ਇਹ ਹਾਦਸਾ ਹੋਇਆ। ਜ਼ਿਕਰਯੋਗ ਹੈ ਕਿ ਇਹ ਇਕ ਹਫਤੇ ਵਿਚ ਦੂਜੀ ਵਾਰ ਹੋਇਆ ਹਾਦਸਾ ਹੈ ਜਦੋਂ ਪਾਕਿਸਤਾਨੀ ਪਾਰਟੀਆਂ ਦੀ ਰੈਲੀ ਦੌਰਾਨ ਮੰਚ ਡਿੱਗਿਆ ਹੈ। ਇਸ ਤੋਂ ਪਹਿਲਾਂ 16 ਜੁਲਾਈ ਨੂੰ ਪਾਕਿਸਤਾਨ ਦੇ ਨੌਸ਼ਹਿਰਾ ਵਿਚ ਰੈਲੀ ਦੌਰਾਨ ਮੰਚ ਡਿੱਗਣ ਕਾਰਨ ਸਾਬਕਾ ਮੁੱਖ ਮੰਤਰੀ ਪਰਵੇਜ਼ ਖਟੱਕ ਨੂੰ ਮਾਮੂਲੀ ਸੱਟ ਲੱਗੀ ਸੀ।