ਅਮਰੀਕਾ ਤੋਂ ਨਰਾਜ਼ ਪਾਕਿ ਨੇ ਚੀਨ ਦਾ ਫੜਿਆ ਪੱਲਾ, ਖਰੀਦੇਗਾ ਹਥਿਆਰ

04/20/2018 9:01:43 PM

ਇਸਲਾਮਾਬਾਦ— ਅਮਰੀਕਾ ਦੀ ਭਾਰਤ ਦੇ ਨਾਲ ਵਧਦੀ ਨਜ਼ਦੀਕੀ ਤੇ ਪਾਕਿਸਤਾਨ ਨਾਲ ਵਧਦੀਆਂ ਦੂਰੀਆਂ ਦੇ ਵਿਚਕਾਰ ਪਾਕਿਸਤਾਨ ਨੇ ਵੱਡਾ ਕਦਮ ਚੁੱਕਦੇ ਹੋਏ ਆਪਣੀਆਂ ਫੌਜੀ ਲੋੜਾਂ ਦੇ ਲਈ ਹੁਣ ਚੀਨ ਦਾ ਪੱਲਾ ਪੂਰੀ ਤਰ੍ਹਾਂ ਨਾਲ ਫੜ ਲਿਆ ਹੈ। ਇਕ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਨੇ ਚੀਨ ਦੇ ਉੱਚ ਤਕਨੀਕੀ ਹਥਿਆਰਾਂ ਦੇ ਲਈ ਅਮਰੀਕਾ ਤੋਂ ਮੁੰਹ ਫੇਰ ਲਿਆ ਹੈ। ਇਸ ਵੱਡੇ ਬਦਲਾਅ ਦੇ ਲਈ ਐਫ-16 ਲੜਾਕੂ ਜਹਾਜ਼ ਦੀ ਡੀਲ ਨੂੰ ਜ਼ਿੰਮੇਦਾਰ ਮੰਨਿਆ ਜਾ ਰਿਹਾ ਹੈ।
ਅਮਰੀਕਾ ਤੋਂ ਪਾਕਿਸਤਾਨ ਨੇ ਕਿਉਂ ਫੇਰਿਆ ਮੁੰਹ
ਜ਼ਿਕਰਯੋਗ ਹੈ ਕਿ ਓਬਾਮਾ ਪ੍ਰਸ਼ਾਸਨ ਨੇ ਐਫ-16 ਲੜਾਕੂ ਜਹਾਜ਼ਾਂ ਦੀ ਖਰੀਦ 'ਚ ਪਾਕਿਸਤਾਨ ਦੀ ਆਰਥਿਕ ਮਦਦ ਕਰਨ ਤੋਂ ਮਨਾ ਕਰ ਦਿੱਤਾ ਸੀ। ਅਸਲ 'ਚ ਐਫ-16 ਜਹਾਜ਼ ਦੀ ਖਰੀਦ ਨੂੰ ਲੈ ਕੇ ਅਮਰੀਕਾ ਤੇ ਪਾਕਿਸਤਾਨ ਵਿਚਾਲੇ 70 ਕਰੋੜ ਡਾਲਰ ਦੀ ਡੀਲ ਹੋਈ ਸੀ, ਜਿਸ 'ਚੋਂ ਕਰੀਬ 43 ਕਰੋੜ ਡਾਲਰ ਅਮਰੀਕਾ ਦੇਣ ਲਈ ਰਾਜ਼ੀ ਹੋਇਆ। ਹਾਲਾਂਕਿ ਅਮਰੀਕੀ ਕਾਂਗਰਸ ਨੇ ਬਾਅਦ 'ਚ ਇਸ 'ਤੇ ਰੋਕ ਲਾ ਦਿੱਤੀ।
ਪਾਕਿ-ਚੀਨ ਸੰਯੁਕਤ ਹਥਿਆਰ ਜੇ.ਐਫ.-17
ਅਮਰੀਕਾ ਦੇ ਨਾਲ ਐਫ-16 ਦਾ ਸੌਦਾ ਖਤਮ ਹੋਣ ਤੋਂ ਬਾਅਦ ਪਾਕਿਸਤਾਨ ਨੇ ਜੇ.ਐਫ.-17 ਲੜਾਕੂ ਜਹਾਜ਼ 'ਤੇ ਆਪਣਾ ਫੋਕਸ ਸ਼ਿਫਟ ਕਰ ਲਿਆ, ਜਿਸ ਨੂੰ ਉਹ ਚੀਨ ਨਾਲ ਮਿਲ ਕੇ ਬਣਾ ਰਿਹਾ ਹੈ। ਸਮਰਥਾ ਦੇ ਮਾਮਲੇ 'ਚ ਜੇ.ਐਫ.-17, ਐਫ-16 ਲੜਾਕੂ ਜਹਾਜ਼ਾਂ ਨੂੰ ਵੀ ਟੱਕਰ ਦੇਵੇਗਾ।
ਅਮਰੀਕਾ ਵਲੋਂ ਪਾਕਿਸਤਾਨ ਨੂੰ ਐਫ.-16 ਲੜਾਕੂ ਜਹਾਜ਼ ਦੇਣ 'ਤੇ ਲੱਗੇ ਇਸ ਬੈਨ ਨੇ ਪਾਕਿਸਤਾਨ ਨੂੰ ਫੌਜੀ ਖਰੀਦ ਦੇ ਲਈ ਅਮਰੀਕੀ ਫੌਜੀ ਹਥਿਆਰ ਦੇ ਬਜਾਏ ਚੀਨ ਵਾਲੇ ਪਾਸੇ ਜਾਣ ਲਈ ਮਜਬੂਰ ਕਰ ਦਿੱਤਾ ਹੈ। ਆਪਣੀ ਫੌਜੀ ਖਰੀਦ ਦੇ ਲਈ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਚੀਨ ਵੱਲ ਆ ਗਿਆ ਹੈ।
ਅਮਰੀਕੀ ਹਥਿਆਰ ਦਰਾਮਦ 'ਚ ਭਾਰੀ ਕਮੀ
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਰਿਪੋਰਟ 'ਚ ਜਾਰੀ ਡਾਟਾ ਦੇ ਮੁਤਾਬਕ ਪਾਕਿਸਤਾਨ 'ਚ ਅਮਰੀਕੀ ਹਥਿਆਰ ਦਰਾਮਦ ਪਿਛਲੇ ਸਾਲ 1 ਬਿਲੀਅਨ ਡਾਲਰ ਤੋਂ ਘਟਾ ਕੇ 21 ਮਿਲੀਅਨ ਡਾਲਰ ਹੋ ਗਈ ਹੈ। ਦਰਾਮਦ ਦਾ ਇਹ ਅੰਕੜਾ ਸਾਲ 2010 ਤੋਂ ਲੈ ਕੇ 2017 ਤੱਕ ਦਾ ਹੈ। ਉਥੇ ਇਸੇ ਸਮੇਂ ਦੌਰਾਨ ਚੀਨ ਨਾਲ ਹਥਿਆਰਾਂ ਦੀ ਬਰਾਮਦ 'ਚ ਕਮੀ ਤਾਂ ਆਈ ਹੈ, ਪਰ ਇਹ ਅਮਰੀਕਾ ਤੋਂ ਦਰਾਮਦ ਹੋਣ ਵਾਲੇ ਹਥਿਆਰਾਂ ਦੇ ਮੁਕਾਬਲੇ ਕਾਫੀ ਘੱਟ ਹੈ।