Pok ਦੇ ਕਾਰਕੁਨ ਨੇ UN 'ਚ ਕਿਹਾ, 'ਪਾਕਿਸਤਾਨ ਸਾਡੇ ਨਾਲ ਜਾਨਵਰਾਂ ਜਿਹਾ ਵਿਹਾਰ ਬੰਦ ਕਰੇ'

09/25/2020 9:23:13 PM

ਵਾਸ਼ਿੰਗਟਨ/ਇਸਲਾਮਾਬਾਦ - ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਲੋਕਾਂ ਦੀ ਸਥਿਤੀ ਜਾਨਵਰਾਂ ਤੋਂ ਵੀ ਬਦਤਰ ਹੋ ਚੁੱਕੀ ਹੈ। ਵੀਰਵਾਰ ਰਾਤ ਜਿਨੇਵਾ ਵਿਚ ਯੂਨਾਈਟਡ ਨੈਸ਼ੰਸ ਹਿਊਮਨ ਰਾਈਟਸ ਕਾਉਂਸਿਲ (ਯੂ. ਐੱਨ. ਐੱਚ. ਆਰ. ਸੀ.) ਦੀ ਬੈਠਕ ਦੌਰਾਨ ਇਹ ਦਰਦ ਪੀ. ਓ. ਕੇ. ਕਾਰਕੁਨ ਪ੍ਰੋਫੈਸਰ ਸੱਜਾਦ ਰਾਜਾ ਨੇ ਦੁਨੀਆ ਸਾਹਮਣੇ ਰੱਖਿਆ। ਰਾਜਾ ਨੇ ਸਿੱਧੇ ਤੌਰ 'ਤੇ ਪਾਕਿਸਤਾਨ ਦੀ ਸਰਕਾਰ ਅਤੇ ਫੌਜ ਨੂੰ ਨਿਸ਼ਾਨੇ 'ਤੇ ਲਿਆ ਅਤੇ ਆਖਿਆ ਕਿ ਪਾਕਿਸਤਾਨ ਸਾਡੇ ਨਾਲ ਜਾਨਵਰਾਂ ਜਿਹਾ ਸਲੂਕ ਜਲਦ ਬੰਦ ਕਰੇ।

ਆਪਣੇ ਹੀ ਘਰ ਵਿਚ ਬੇਗਾਨੇ ਹੋ ਗਏ
ਸੱਜਾਦ ਦੇ ਭਾਸ਼ਣ ਦੌਰਾਨ ਯੂ. ਐੱਨ. ਐੱਚ. ਆਰ. ਸੀ. ਵਿਚ ਬਿਲਕੁਲ ਖਮੋਸ਼ੀ ਛਾ ਗਈ। ਭਾਸ਼ਣ ਦੌਰਾਨ ਰਾਜਾ ਇੰਨੇ ਭਾਵੁਕ ਹੋ ਗਏ ਕਿ ਉਨਾਂ ਦੇ ਹੰਝੂ ਨਿਕਲ ਆਏ। ਰਾਜਾ ਨੇ ਆਖਿਆ ਕਿ ਅਸੀਂ ਇਸ ਸੰਗਠਨ ਤੋਂ ਅਪੀਲ ਕਰਦੇ ਹਾਂ ਕਿ ਉਹ ਪਾਕਿਸਤਾਨ ਨੂੰ ਸਾਡੇ ਨਾਲ ਜਾਨਵਰਾਂ ਦੀ ਤਰ੍ਹਾਂ ਵਿਹਾਰ ਕਰਨ ਤੋਂ ਰੋਕੇ। ਪਾਕਿਸਤਾਨ ਨੇ ਪੀ. ਓ. ਕੇ. ਇਲੈਕਸ਼ਨ ਐਕਟ 2020 ਲਾਗੂ ਕਰਕੇ ਸਾਡੇ ਸਾਰੇ ਸੰਵਿਧਾਨਕ ਅਧਿਕਾਰ ਖੋਹ ਲਏ ਹਨ। ਪੀ. ਓ. ਕੇ. ਵਿਚ ਰਹਿਣ ਵਾਲੇ ਲੋਕਾਂ ਕੋਲ ਹੁਣ ਰਾਜਨੀਤਕ ਅਤੇ ਨਾਗਰਿਕ ਅਧਿਕਾਰ ਵੀ ਨਹੀਂ ਬਚੇ। ਸਾਨੂੰ ਆਪਣੇ ਹੀ ਘਰ ਵਿਚ ਬੇਗਾਨੇ ਬਣਾ ਦਿੱਤਾ ਗਿਆ ਹੈ। ਰਾਜਾ ਨੈਸ਼ਨਲ ਇਕਵਾਲਿਟੀ ਪਾਰਟੀ ਦੇ ਚੇਅਰਮੈਨ ਵੀ ਹਨ।

ਸਾਡਾ ਕਸੂਰ ਕੀ ਹੈ
ਰਾਜਾ ਨੇ ਭਾਸ਼ਣ ਵਿਚ ਅੱਗੇ ਆਖਿਆ ਕਿ ਅਸੀਂ ਆਪਣੀ ਜ਼ਮੀਨ 'ਤੇ ਰਹਿੰਦੇ ਹਾਂ। ਸਾਡੇ ਘਰ ਅਤੇ ਪਰਿਵਾਰ ਹਨ। ਪਰ ਆਪਣੇ ਹੀ ਘਰ ਵਿਚ ਸਾਡੇ ਨਾਲ ਘੁਸਪੈਠੀਆਂ ਦੀ ਤਰ੍ਹਾਂ ਵਿਹਾਰ ਕੀਤਾ ਜਾ ਰਿਹਾ ਹੈ। ਪਾਕਿਸਤਾਨੀ ਫੌਜ ਨੇ ਰਾਜਨੀਤਕ ਗਤੀਵਿਧੀਆਂ 'ਤੇ ਰੋਕ ਲਾ ਦਿੱਤੀ ਹੈ। ਵਿਰੋਧ ਕਰਨ 'ਤੇ ਲੋਕਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਹਜ਼ਾਰਾਂ ਲੋਕ ਗਾਇਬ ਕਰ ਦਿੱਤੇ ਗਏ ਹਨ। ਟਾਰਗੇਟ ਕੀਲਿੰਗਸ ਕੀਤੀ ਜਾ ਰਹੀ ਹੈ।

ਬ੍ਰੇਨਵਾਸ਼ ਕਰ ਰਿਹੈ ਪਾਕਿਸਤਾਨ
ਪਾਕਿਸਤਾਨੀ ਫੌਜ ਅਤੇ ਸਰਕਾਰ ਦੇ ਦਮਨ ਨੂੰ ਰਾਜਾ ਨੇ ਦੁਨੀਆ ਸਾਹਮਣੇ ਖੋਲ ਕੇ ਰੱਖ ਦਿੱਤਾ। ਉਨ੍ਹਾਂ ਆਖਿਆ ਕਿ ਸਰਹੱਦ ਦੇ ਦੋਹਾਂ ਪਾਸੇ (ਭਾਰਤ ਅਤੇ ਪਾਕਿਸਤਾਨ) ਨੌਜਵਾਨਾਂ ਦਾ ਬ੍ਰੇਨਵਾਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਪ੍ਰਾਕਸੀ ਵਾਰ ਵਿਚ ਹਥਿਆਰ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਹੈ। ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਵਿਚ ਟੈਰੇਰ ਕੈਂਪ ਹੁਣ ਵੀ ਚੱਲ ਰਹੇ ਹਨ। ਪਾਕਿਸਤਾਨ ਹੁਣ ਗਿਲਗਿਤ-ਬਾਲਟਿਸਤਾਨ ਨੂੰ ਹੁਣ ਸੂਬਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Khushdeep Jassi

This news is Content Editor Khushdeep Jassi