ਪਾਕਿਸਤਾਨ ਨੇ ਕਿਹਾ-ਮਿਜ਼ਾਈਲ ਪ੍ਰੀਖਣ ’ਤੇ ਤੈਅ ਸਮਾਂ ਹੱਦ ਦੀ ਪਾਲਣਾ ਕਰੇ ਭਾਰਤ

03/15/2024 11:38:33 AM

ਇਸਲਾਮਾਬਾਦ- ਭਾਰਤ ’ਚ ਬਣੀ ਅਗਨੀ-5 ਮਿਜ਼ਾਈਲ ਦੇ ਪ੍ਰੀਖਣ ਦਾ ਨੋਟਿਸ ਲੈਂਦਿਆਂ ਪਾਕਿਸਤਾਨ ਨੇ ਭਾਰਤ ਨੂੰ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਦੀ ਪਹਿਲਾਂ ਸੂਚਨਾ ਨਿਰਧਾਰਤ ਸਮਾਂ-ਹੱਦ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਭਾਰਤ ਵੱਲੋਂ ਕਈ ਪ੍ਰਮਾਣੂ ਹਥਿਆਰ ਲਿਜਾਣ ’ਚ ਸਮਰੱਥ ਮਿਜ਼ਾਈਲ ਦੇ ਪ੍ਰੀਖਣ ਬਾਰੇ ਪੁੱਛੇ ਸਵਾਲ ’ਤੇ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੀ ਬੁਲਾਰਨ ਮੁਮਤਾਜ ਜ਼ਹਿਰਾ ਬਲੋਚ ਨੇ ਕਿਹਾ ਕਿ ਇਸਲਾਮਾਬਾਦ ਨੇ 11 ਮਾਰਚ ਨੂੰ ਭਾਰਤ ਦੇ ਮਿਜ਼ਾਈਲ ਪ੍ਰੀਖਣ ਦਾ ਨੋਟਿਸ ਲਿਆ, ਜਦੋਂ ਭਾਰਤ ਨੇ ਇਸ ਬਾਰੇ ਪਾਕਿਸਤਾਨ ਨੂੰ ਅਗਾਊਂ ਸੂਚਨਾ ਸਾਂਝੀ ਕੀਤੀ ਸੀ।
ਉਨ੍ਹਾਂ ਕਿਹਾ ਹਾਲਾਂਕਿ, ਭਾਰਤ ਨੇ ਇਸ ਪ੍ਰੀਖਣ ਦੀ ਪਹਿਲਾਂ ਸੂਚਨਾ ’ਤੇ ਸਮਝੌਤੇ ਦੀ ਧਾਰਾ 2 ’ਚ ਨਿਰਧਾਰਤ ਤਿੰਨ ਦਿਨਾਂ ਸਮਾਂ ਹੱਦ ਦੀ ਪਾਲਣਾ ਨਹੀਂ ਕੀਤੀ। ਬਲੋਚ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਗਾਊਂ ਸੂਚਨਾ ’ਤੇ ਸਮਝੌਤੇ ਦੀ ਚੰਗੀ ਤਰ੍ਹਾਂ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਸੋਮਵਾਰ ਨੂੰ ਭਾਰਤ ਨੇ ਅਗਨੀ-5 ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਅਤੇ ਅਜਿਹੀ ਸਮਰੱਥਾ ਵਾਲੇ ਦੇਸ਼ਾਂ ਦੇ ਚੋਣਵੇਂ ਸਮੂਹ ’ਚ ਸ਼ਾਮਲ ਹੋ ਗਿਆ। ਇਸ ਮਿਜ਼ਾਈਲ ਦੀ ਰੇਂਜ 5,000 ਕਿਲੋਮੀਟਰ ਹੈ ਅਤੇ ਇਸ ਦੀ ਮਾਰਕ ਸਮਰੱਥਾ ਚੀਨ ਦੇ ਉੱਤਰੀ ਹਿੱਸੇ ਦੇ ਨਾਲ-ਨਾਲ ਯੂਰਪ ਦੇ ਕੁਝ ਇਲਾਕਿਆਂ ਸਮੇਤ ਪੂਰੇ ਏਸ਼ੀਆ ਤੱਕ ਦੀ ਹੈ।

Aarti dhillon

This news is Content Editor Aarti dhillon