ਪਾਕਿਸਤਾਨ : ਕਵੇਟਾ 'ਚ ਜ਼ਬਰਦਸਤ ਧਮਾਕਾ, 10 ਦੀ ਮੌਤ 35 ਜ਼ਖਮੀ

02/17/2020 8:02:49 PM

ਕਵੇਟਾ (ਏਜੰਸੀ)- ਪਾਕਿਸਤਾਨ ਦੇ ਬਲੋਚਿਸਤਾਨ ਦੇ ਕਵੇਟਾ ਵਿਚ ਇਕ ਭਿਆਨਕ ਬੰਬ ਧਮਾਕੇ ਕਾਰਨ 10 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 35 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪਾਕਿਸਤਾਨ ਅਖਬਾਰ ਦਿ ਐਕਸਪ੍ਰੈਸ ਟ੍ਰਿਬਿਊਨ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਇਹ ਧਮਾਕਾ ਬਲੋਚਿਸਤਾਨ ਦੀ ਰਾਜਧਾਨੀ ਦੇ ਸ਼ਰੇਆ ਇਕਬਾਲ ਇਲਾਕੇ ਵਿਚ ਹੋਇਆ ਜਿਸ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ। ਨਿਊਜ਼ ਪੇਪਰ ਡਾਨ ਦੀ ਰਿਪੋਰਟ ਮੁਤਾਬਕ ਇਹ ਧਮਾਕਾ ਕਵੇਟਾ ਪ੍ਰੈਸ ਕਲੱਬ ਦੇ ਨੇੜੇ ਹੋਇਆ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।
ਦਿ ਡਾਨ ਦੇ ਮੁਤਾਬਕ ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਸ਼ਾਹਰਾਹ-ਈ-ਅਦਾਲਤ ਦੇ ਨੇੜੇ ਕਵੇਟਾ ਪ੍ਰੈਸ ਕਲੱਬ ਵਿਚ ਪ੍ਰਦਰਸ਼ਨ ਹੋ ਰਿਹਾ ਸੀ। ਇਲਾਕੇ ਵਿਚ ਕਈ ਵਾਹਨ ਪਾਰਕ ਸਨ ਜੋ ਇਸ ਧਮਾਕੇ ਦੀ ਲਪੇਟ ਵਿਚ ਆ ਗਏ। 
ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਵਿਚ ਕਿਸ ਤਰ੍ਹਾਂ ਦੇ ਬੰਬ ਦੀ ਵਰਤੋਂ ਕੀਤੀ ਗਈ ਸੀ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ। ਬਲੋਚਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਜ਼ਖਮੀਆਂ ਦੀ ਗਿਣਤੀ ਵੱਧ ਸਕਦੀ ਹੈ।
ਯਾਦ ਰਹੇ ਕਿ ਪਾਕਿਸਤਾਨ ਦੇ ਕਰਾਚੀ ਤੋਂ ਅੱਜ ਹੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿਚ ਸਬਜ਼ੀਆਂ ਦੇ ਇਕ ਕੰਟੇਨਰ ਤੋਂ ਜ਼ਹਿਰੀਲੀ ਗੈਸ ਨਿਕਲਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 15 ਹੋਰ ਬੀਮਾਰ ਹੋ ਗਏ। ਕੰਟੇਨਰ ਨੂੰ ਐਤਵਾਰ ਰਾਤ ਇਕ ਮਾਲ ਢੋਣ ਵਾਲੇ ਬੇੜੇ ਤੋਂ ਕੇਮਾਰੀ ਬੰਦਰਗਾਹ ਖੇਤਰ ਵਿਚ ਉਤਾਰਿਆ ਗਿਆ ਸੀ। 

Sunny Mehra

This news is Content Editor Sunny Mehra