ਟਵਿੱਟਰ 'ਤੇ ਪਾਕਿ ਪੀ.ਐਮ. ਇਮਰਾਨ ਖਾਨ ਦਾ ਉੱਡਿਆ ਮਜ਼ਾਕ, ਲਿਖਿਆ 'ਹੰਕਾਰੀ ਤੇ ਬੇਵਕੂਫ'

06/14/2019 6:54:11 PM

ਬਿਸ਼ਕੇਕ (ਏਜੰਸੀ)- ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸ਼ਿਖਰ ਸੰਮੇਲਨ ਦੇ ਉਦਘਾਟਨ ਸਮਾਰੋਹ ਦੌਰਾਨ ਉਸ ਵੇਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਜੀਬੋ-ਗਰੀਬ ਸਥਿਤੀ ਪੈਦਾ ਕਰ ਦਿੱਤੀ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰ ਨੇਤਾਵਾਂ ਦੇ ਖੜ੍ਹੇ ਰਹਿਣ ਦੌਰਾਨ ਹੀ ਉਹ ਆਪਣੀ ਸੀਟ 'ਤੇ ਬੈਠ ਗਏ। ਇਮਰਾਨ ਵਲੋਂ ਇਸ ਤਰ੍ਹਾਂ ਦੀ ਰਣਨੀਤਕ ਪ੍ਰੋਟੋਕਾਲ ਤੋੜੇ ਜਾਣ 'ਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਕਾਫੀ ਮਜ਼ਾਕ ਬਣਾਇਆ ਗਿਆ।
ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਖਿਚਾਈ ਹੋਈ। ਟਵਿੱਟਰ 'ਤੇ ਇਕ ਵਿਅਕਤੀ ਨੇ ਲਿਖਿਆ, ਬਿਸ਼ਕੇਕ ਵਿਚ ਐਸ.ਸੀ.ਓ. ਦੌਰਾਨ ਇਮਰਾਨ ਖਾਨ ਨੇ ਇਕ ਵਾਰ ਫਿਰ ਮੁਲਕ ਲਈ ਸ਼ਰਮਿੰਦਗੀ ਪੈਦਾ ਕੀਤੀ। ਜਦੋਂ ਸਾਰੇ ਲੋਕ ਖੜ੍ਹੇ ਸਨ, ਉਹ ਬੈਠ ਗਏ। ਜਦੋਂ ਪੇਸ਼ਕਰਤਾ ਨੇ ਉਨ੍ਹਾਂ ਦਾ ਨਾਂ ਲਿਆ ਤਾਂ ਉਹ ਖੜ੍ਹੇ ਹੋਏ, ਪਰ ਫਿਰ ਬੈਠ ਗਏ। ਹੰਕਾਰੀ, ਬੇਵਕੂਫ? ਇਕ ਹੋਰ ਵਿਅਕਤੀ ਨੇ ਟਵੀਟ ਕੀਤਾ, ਇਮਰਾਨ ਖਾਨ ਸਾਬ੍ਹ, ਭਵਿੱਖ ਵਿਚ ਆਪਣੀ ਛਾਪ ਛੱਡਣ ਲਈ ਰਣਨੀਤਕ ਯਾਤਰਾਵਾਂ ਦੀ ਮਰਿਆਦਾ ਦਾ ਅਧਿਐਨ ਜ਼ਰੂਰ ਕਰੋ।
ਤੁਹਾਨੂੰ ਦੱਸ ਦਈਏ ਕਿ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ ਗਈ ਬਿਸ਼ਕੇਕ ਦੀ ਐਸ.ਸੀ.ਓ. ਮੀਟਿੰਗ ਦੌਰਾਨ ਬਣਾਈ ਗਈ ਇਕ ਵੀਡੀਓ ਵਿਚ ਇਮਰਾਨ ਖਾਨ ਬੈਠੇ ਹੋਏ ਨਜ਼ਰ ਆ ਰਹੇ ਹਨ, ਜਦੋਂ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਬਾਕੀ ਨੇਤਾ ਅਤੇ ਮਾਣਯੋਗ ਲੋਕ ਖੜ੍ਹੇ ਨਜ਼ਰ ਆ ਰਹੇ ਹਨ। ਇਹ ਵੀਡੀਓ ਉਸ ਵੇਲੇ ਦੀ ਹੈ, ਜਦੋਂ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰ ਪ੍ਰਧਾਨ ਐਸ.ਸੀ.ਓ. ਸ਼ਿਖਰ ਸੰਮੇਲਨ ਦੇ ਉਦਘਾਟਨ ਸਮਾਰੋਹ ਵਿਚ ਪਹੁੰਚੇ ਸਨ। ਇਮਰਾਨ ਦਾ ਨਾਂ ਲਏ ਜਾਣ 'ਤੇ ਉਹ ਕੁਝ ਸਮੇਂ ਲਈ ਖੜ੍ਹੇ ਹੋਏ ਅਤੇ ਫਿਰ ਹੋਰ ਨੇਤਾਵਾਂ ਦੇ ਬੈਠਣ ਤੋਂ ਪਹਿਲਾਂ ਹੀ ਬੈਠ ਗਏ। ਇਸ ਨੂੰ ਪ੍ਰੋਟੋਕਾਲ ਤੋੜਣ ਵਜੋਂ ਦੇਖਿਆ ਜਾ ਰਿਹਾ ਹੈ।


Sunny Mehra

Content Editor

Related News