PM ਇਮਰਾਨ ਖਾਨ ਨੂੰ ਕੋਰੋਨਾ ਵਾਇਰਸ ਹੋਣ ਦਾ ਜਾਣੋ ਸੱਚ

03/30/2020 3:22:49 PM

ਇਸਲਾਮਾਬਾਦ : ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ 1600 ਤੋਂ ਵਧ ਹੋ ਗਏ ਹਨ। ਸਭ ਤੋਂ ਵੱਧ ਲਹਿੰਦੇ ਪੰਜਾਬ ਵਿਚ 593 ਅਤੇ ਸਿੰਧ ਵਿਚ 502 ਲੋਕ ਇਨਫੈਕਟਡ ਹਨ। ਪਾਕਿਸਤਾਨ ਵਿਚ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਵਿਚਕਾਰ ਸੋਸ਼ਲ ਮੀਡੀਆ 'ਤੇ ਇਹ ਵਾਇਰਲ ਹੋ ਰਿਹਾ ਹੈ ਕਿ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਵੀ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਗਏ ਹਨ। ਵੀਰਵਾਰ ਸ਼ਾਮ ਨੂੰ ਲੰਡਨ ਦੇ ਵੀ ਇਕ ਨਿਊਜ਼ ਮੀਡੀਆ ਸੰਗਠਨ ਨੇ ਖਬਰ ਬਰੇਕ ਕੀਤੀ ਸੀ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨਾਵਲ ਵਾਇਰਸ ਨਾਲ ਸੰਕ੍ਰਮਿਤ ਹਨ। ਪੀ. ਟੀ. ਆਈ. ਦੇ ਸੈਨੇਟਰ ਫੈਜ਼ਲ ਜਾਵੇਦ ਖਾਨ ਨੇ ਇਸ ਦਾਅਵੇ ਨੂੰ ਰੱਦ ਕੀਤਾ ਹੈ। ਪਾਕਿਸਤਾਨੀ ਸਿਆਸਤਦਾਨ ਨੇ ਕਿਹਾ, "ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਸੰਬੰਧਤ ਖਬਰਾਂ ਕਿ ਉਹ ਕੋਵਿਡ-19 ਨਾਲ ਸੰਕ੍ਰਮਿਤ ਹਨ ਇਹ ਸੱਚ ਨਹੀਂ ਹੈ।"

ਜ਼ਿਕਰਯੋਗ ਹੈ ਕਿ ਯੂ. ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕੋਰੋਨਾ ਪਾਜ਼ੀਟਿਵ ਹਨ ਤੇ ਇਸ ਮਗਰੋਂ ਇਹ ਵੀ ਅਫਵਾਹ ਉੱਡਣ ਲੱਗ ਗਈ ਕਿ ਪਾਕਿਸਤਾਨੀ ਪੀ. ਐੱਮ. ਵੀ ਇਸ ਨਾਲ ਪਾਜ਼ੀਟਿਵ ਪਾਏ ਗਏ ਹਨ। 


ਉੱਥੇ ਹੀ, ਪਾਕਿਸਤਾਨੀ ਪੰਜਾਬ ਦੇ ਸ਼ਹਿਰ ਰਾਵਲਪਿੰਡੀ ਦੇ ਡਿਪਟੀ ਕਮਿਸ਼ਨਰ ਅਨਵਰੂਲ ਹੱਕ ਮੁਤਾਬਕ ਇੱਥੇ ਦੋ ਹੋਰ ਮਰੀਜ਼ਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਹੈ। ਅਧਿਕਾਰੀ ਮੁਤਾਬਕ, ਇਕ 63 ਸਾਲਾ ਵਿਅਕਤੀ ਦੀ ਟਰੈਵਲ ਹਿਸਟਰੀ ਯੂ. ਕੇ. ਦੀ ਸੀ ਅਤੇ ਉਹ ਪਿਛਲੇ 2 ਹਫਤਿਆਂ ਤੋਂ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਸੀ। ਤਕਸ਼ਿਲਾ 'ਚ ਇਲਾਜ ਅਧੀਨ 55 ਸਾਲਾ ਮਹਿਲਾ ਜੋ ਵਾਇਰਸ ਨਾਲ ਪੀੜਤ ਸੀ, ਉਸ ਦੀ ਵੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਹਿਲਾ ਨੂੰ ਸ਼ੂਗਰ ਵੀ ਸੀ।

Lalita Mam

This news is Content Editor Lalita Mam