ਭਾਰਤ ਨਾਲ ਜੰਗ ’ਤੇ ਉਤਾਰੂ ਇਮਰਾਨ ਕੋਲ ਨਹੀਂ ਹਨ ਬਿਜਲੀ ਦਾ ਬਿੱਲ ਦੇਣ ਨੂੰ ਪੈਸੇ

08/28/2019 7:49:48 PM

ਇਸਲਾਮਾਬਾਦ— ਕਸ਼ਮੀਰ ਮੁੱਦੇ ’ਤੇ ਲਗਾਤਾਰ ਭਾਰਤ ਨੂੰ ਜੰਗ ਦੀ ਧਮਕੀ ਦੇਣ ਵਾਲੀ ਪਾਕਿਸਤਾਨੀ ਸਰਕਾਰ ’ਤੇ ਬਿਜਲੀ ਮਹਿਕਮੇ ਦਾ ਬਿੱਲ ਬਕਾਇਆ ਹੈ, ਜੋ ਕਿ ਕਰੋੜਾਂ ’ਚ ਜਾ ਰਿਹਾ ਹੈ ਤੇ ਇਸ ਸਬੰਧੀ ਮਹਿਕਮੇ ਵਲੋਂ ਦਫਤਰ ਨੂੰ ਇਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇੰਨਾਂ ਹੀ ਨਹੀਂ ਬਿੱਲ ਦੀ ਅਦਾਇਗੀ ਨਾ ਕਰਨ ’ਤੇ ਉਨ੍ਹਾਂ ਦੇ ਦਫਤਰ ਦੀ ਬਿਜਲੀ ਸਪਲਾਈ ਵੀ ਕੱਟੀ ਜਾ ਸਕਦੀ ਹੈ।

ਇਸਲਾਮਾਬਾਦ ਇਲੈਕਟਿ੍ਰਕ ਸਪਲਾਈ ਕੰਪਨੀ (ਆਈ.ਈ.ਐੱਸ.ਸੀ.ਓ.) ਨੇ ਬੁੱਧਵਾਰ ਨੂੰ ਪੀ.ਐੱਮ.ਓ. ਦਫਤਰ ਨੂੰ ਇਸ ਬਾਰੇ ਨੋਟਿਸ ਜਾਰੀ ਕੀਤਾ। ਪਾਕਿਸਤਾਨੀ ਮੀਡੀਆ ਦੀਆਂ ਖਬਰਾਂ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਦਫਤਰ ਦਾ ਇਸ ਵੇਲੇ ਦਾ ਬਕਾਇਆ 41 ਲੱਖ ਰੁਪਏ ਹੈ ਤੇ ਪਿਛਲੇ ਮਹੀਨੇ ਲਈ ਇਹ ਰਕਮ 35 ਲੱਖ ਰੁਪਏ ਸੀ।

ਆਈ.ਈ.ਐੱਸ.ਸੀ.ਓ. ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਦਫਤਰ ਨੂੰ ਇਸ ਸਬੰਧੀ ਕਈ ਨੋਟਿਸ ਦਿੱਤੇ ਜਾ ਚੁੱਕੇ ਹਨ ਪਰ ਬਾਵਜੂਦ ਇਸ ਦੇ ਬਿੱਲ ਦੀ ਅਦਾਇਗੀ ਨਹੀਂ ਕੀਤੀ ਗਈ। ਆਈ.ਈ.ਐੱਸ.ਸੀ.ਓ. ਦੇ ਨੇੜਲੇ ਸੂਤਰ ਨੇ ਕਿਹਾ ਕਿ “ਸਕੱਤਰੇਤ ਨਾਲ ਇਹ ਸਮੱਸਿਆ ਆਮ ਹੋ ਰਹੀ ਹੈ। ਜੇਕਰ ਬਕਾਏ ਦੀ ਅਦਾਇਗੀ ਨਾ ਕੀਤੀ ਗਈ ਤਾਂ ਅਸੀਂ ਬਿਜਲੀ ਸਪਲਾਈ ਕੱਟ ਦੇਵਾਂਗੇ।’’

ਹਾਲ ਦੇ ਸਾਲਾਂ ’ਚ ਪਾਕਿਸਤਾਨ ’ਚ ਬਿਜਲੀ ਦਾ ਸੰਕਟ ਵਧਿਆ ਹੈ। ਪਾਕਿਸਤਾਨ ਦੇ ਕਈ ਇਲਾਕਿਆਂ ’ਚ ਗਰਮੀ ਦੇ ਮਹੀਨਿਆਂ ’ਚ ਲੰਬੇ ਕੱਟ ਲੱਗਦੇ ਹਨ। ਕਈ ਇਲਾਕਿਆਂ ’ਚ ਇਹ ਕੱਟ ਅੱਧੇ-ਅੱਧੇ ਦਿਨ ਦੇ ਹੁੰਦੇ ਹਨ।  

Baljit Singh

This news is Content Editor Baljit Singh