ਮੁਸ਼ੱਰਫ ਦਾ ਬਿਆਨ ਦਰਜ ਕਰਨ ਲਈ ਦੁਬਈ 'ਚ ਉੱਚ ਪੱਧਰੀ ਕਮਿਸ਼ਨ ਦਾ ਗਠਨ

10/15/2018 5:43:22 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਦੇਸ਼ਧ੍ਰੋਹ ਦੇ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਬਿਆਨ ਦੁਬਾਈ ਵਿਚ ਦਰਜ ਕਰਨ ਲਈ ਇਕ ਉੱਚ ਪੱਧਰੀ ਨਿਆਂਇਕ ਕਮਿਸ਼ਨ ਦਾ ਗਠਨ ਕਰਨ ਦਾ ਆਦੇਸ਼ ਦਿੱਤਾ। ਇਸ ਤੋਂ ਪਹਿਲਾਂ ਸਾਬਕਾ ਮਿਲਟਰੀ ਤਾਨਾਸ਼ਾਹ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ਵਿਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ। 75 ਸਾਲਾ ਰਿਟਾਇਰਡ ਜਨਰਲ ਪਰਵੇਜ਼ ਮੁਸ਼ੱਰਫ ਮਾਰਚ 2016 ਤੋਂ ਦੁਬਈ ਵਿਚ ਰਹਿ ਰਹੇ ਹਨ। ਉਨ੍ਹਾਂ 'ਤੇ ਸਾਲ 2007 ਵਿਚ ਸੰਵਿਧਾਨ ਨੂੰ ਮੁਅੱਤਲ ਕਰਨ ਨੂੰ ਲੈ ਕੇ ਦੇਸ਼ਧ੍ਰੋਹ ਦਾ ਦੋਸ਼ ਹੈ। ਇਸ ਲਈ ਉਨ੍ਹਾਂ 'ਤੇ ਸਾਲ 2014 ਵਿਚ ਮਹਾਦੋਸ਼ ਲਗਾਇਆ ਗਿਆ ਸੀ। ਇਸ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ 'ਤੇ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। 

ਸਾਬਕਾ ਮਿਲਟਰੀ ਪ੍ਰਮੁੱਖ ਇਲਾਜ ਲਈ ਦੁਬਈ ਗਏ ਸਨ ਅਤੇ ਸੁਰੱਖਿਆ ਅਤੇ ਸਿਹਤ ਸਬੰਧੀ ਕਾਰਨਾਂ ਦਾ ਹਵਾਲਾ ਦੇ ਕੇ ਦੇਸ਼ ਵਾਪਸ ਨਹੀਂ ਪਰਤੇ। ਅਦਾਲਤ ਨੇ ਜੁਡੀਸ਼ਲ ਕਮਿਸ਼ਨ ਦਾ ਗਠਨ ਕਰਨ ਦਾ ਫੈਸਲਾ ਲਿਆ ਹੈ, ਜੋ ਯੂ.ਏ.ਈ. ਜਾ ਕੇ ਮੁਸ਼ੱਰਫ ਦਾ ਬਿਆਨ ਦਰਜ ਕਰੇਗਾ। ਬੈਂਚ ਨੇ ਕਿਹਾ ਕਿ ਕਮਿਸ਼ਨ ਦੇ ਮੈਂਬਰ ਅਤੇ ਇਸ ਦਾ ਦਾਇਰਾ ਬਾਅਦ ਵਿਚ ਤੈਅ ਕੀਤਾ ਜਾਵੇਗਾ। ਜੇ ਕਿਸੇ ਨੂੰ ਕਮਿਸ਼ਨ ਦਾ ਗਠਨ ਕਰਨ 'ਤੇ ਇਤਰਾਜ਼ ਹੈ ਤਾਂ ਉਹ ਸੁਪਰੀਮ ਕੋਰਟ ਵਿਚ ਇਸ ਫੈਸਲੇ ਨੂੰ ਚੁਣੌਤੀ ਦੇ ਸਕਦਾ ਹੈ। ਅਦਾਲਤ ਨੇ 14 ਨਵੰਬਰ ਤੱਕ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ।