ਸੁਰੱਖਿਆ ਮਿਲੇ ਤਾਂ ਅਦਾਲਤ 'ਚ ਹੋ ਜਾਵਾਂਗਾ ਪੇਸ਼ : ਮੁਸ਼ੱਰਫ

08/20/2018 5:50:26 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੇ ਦੇਸ਼ਧ੍ਰੋਹ ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੂੰ ਅੱਜ ਸੂਚਿਤ ਕੀਤਾ। ਮੁਸ਼ੱਰਫ ਨੇ ਕਿਹਾ ਕਿ ਜੇਕਰ ਰੱਖਿਆ ਮੰਤਰਾਲੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਏ ਤਾਂ ਉਹ ਅਦਾਲਤ ਵਿਚ ਪੇਸ਼ ਹੋ ਸਕਦੇ ਹਨ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਸਰਕਾਰ ਨੇ ਸਾਬਕਾ ਮਿਲਟਰੀ ਪ੍ਰਮੁੱਖ ਵਿਰੁੱਧ ਨਵੰਬਰ 2007 ਵਿਚ ਸੰਵਿਧਾਨ ਤੋਂ ਬਾਹਰ ਐਮਰਜੈਂਸੀ ਲਗਾਉਣ 'ਤੇ ਦੋਸ਼ਧ੍ਰੋਹ ਦਾ ਮਾਮਲਾ ਦਰਜ ਕਰਾਇਆ ਹੈ। ਇਕ ਅੰਗਰੇਜ਼ੀ ਅਖਬਾਰ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਲਾਹੌਰ ਹਾਈ ਕੋਰਟ ਦੇ ਮੁੱਖ ਜੱਜ ਮੁਹੰਮਦ ਯਾਵਰ ਦੀ ਪ੍ਰਧਾਨਗੀ ਵਾਲੀ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਵਿਚ ਗ੍ਰਹਿ ਸਕੱਤਰ ਨੂੰ 27 ਅਗਸਤ ਨੂੰ ਤਲਬ ਕੀਤਾ ਹੈ। 

ਬੈਂਚ ਇਸ ਗੱਲ 'ਤੇ ਵੀ ਗੌਰ ਕਰੇਗੀ ਕਿ ਕੀ ਮੁਸ਼ੱਰਫ ਦੇ ਬਿਆਨ ਦਰਜ ਕਰਵਾਏ ਬਿਨਾਂ ਵੀ ਸੁਣਵਾਈ ਹੋ ਸਕਦੀ ਹੈ। ਉੱਥੇ ਦੁਬਈ ਵਿਚ ਰਹਿ ਰਹੇ ਮੁਸ਼ੱਰਫ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਪਾਕਿਸਤਾਨ ਪਰਤਣ ਤੋਂ ਇਨਕਾਰ ਕਰ ਦਿੱਤਾ ਹੈ। ਸਾਬਕਾ ਰਾਸ਼ਟਰਪਤੀ ਦੇ ਵਕੀਲ ਅਖਤਰ ਸ਼ਾਹ ਨੇ ਕਿਹਾ ਕਿ ਜੇ ਰੱਖਿਆ ਮੰਤਰਾਲੇ ਸੁਰੱਖਿਆ ਮੁਹੱਈਆ ਕਰਵਾਏ ਤਾਂ ਉਸ ਦਾ ਕਲਾਈਂਟ ਪੇਸ਼ ਹੋ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਦਾਲਤ ਨੇ ਪਾਇਆ ਕਿ ਦੋਸ਼ੀ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਮਾਮਲੇ ਦੀ ਸੁਣਵਾਈ 27 ਅਗਸਤ ਤੱਕ ਲਈ ਮੁਲਤਵੀ ਕਰ ਦਿੱਤੀ।