ਪਾਕਿ : ਸੰਸਦ ਲੌਜ 'ਚ ਖੁੱਲ੍ਹੇਗਾ ਬਿਊਟੀ ਪਾਰਲਰ

02/29/2020 9:45:16 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਸੈਨੇਟ ਦੀ ਇਕ ਕਮੇਟੀ ਨੇ ਰਾਸ਼ਟਰੀ ਰਾਜਧਾਨੀ ਇਸਲਾਮਾਬਾਦ ਦੀ ਚੋਟੀ ਦੀ ਸਿਵਿਕ ਏਜੰਸੀ ਨੂੰ ਸੰਸਦੀ ਰਿਹਾਇਸ਼ (Parliament Lodge) ਕੰਪਲੈਕਸ ਵਿਚ ਬਿਊਟੀ ਪਾਰਲਰ ਖੋਲ੍ਹਣ ਲਈ ਕਿਹਾ ਹੈ। ਕਮੇਟੀ ਵਿਚ ਸ਼ਾਮਲ ਮਹਿਲਾ ਸੈਨੇਟਰਾਂ ਨੇ ਇਹ ਮੁੱਦਾ ਚੁੱਕਿਆ ਸੀ। ਪਾਕਿਸਤਾਨੀ ਮੀਡੀਆ ਵਿਚ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਸੈਨੇਟ ਦੀ ਰਿਹਾਇਸ਼ ਕਮੇਟੀ ਦੀ ਬੈਠਕ ਸੰਸਦ ਭਵਨ ਕੰਪਲੈਕਸ ਵਿਚ ਹੋਈ। 

ਕਮੇਟੀ ਨੇ ਰਾਜਧਾਨੀ ਵਿਕਾਸ ਅਥਾਰਿਟੀ (ਸੀ.ਡੀ.ਏ.) ਨੂੰ ਇਸ ਗੱਲ ਲਈ ਫਟਕਾਰ ਲਗਾਈ ਕਿ ਉਸ ਦੇ ਨਿਰਦੇਸ਼ਾਂ ਦੇ ਬਾਵਜੂਦ ਹਾਲੇ ਤੱਕ ਮਹਿਲਾ ਸਾਂਸਦਾਂ ਲਈ ਸੰਸਦ ਲੌਜ ਵਿਚ ਬਿਊਟੀ ਪਾਰਲਰ ਨਹੀਂ ਖੋਲ੍ਹਿਆ ਗਿਆ ਹੈ। ਸੈਨੇਟਰ ਕੁਲਸੂਮ ਪਰਵੀਨ ਨੇ ਕਮੇਟੀ ਨੂੰ ਕਿਹਾ ਕਿ ਕਮੇਟੀ ਕਨਵੀਨਰ ਦਾ ਸਪੱਸ਼ਟ ਨਿਰਦੇਸ਼ ਸੀ ਕਿ ਸੀ.ਡੀ.ਏ. ਅਧਿਕਾਰੀ ਸੰਸਦ ਲੌਜ ਵਿਚ ਬਿਊਟੀ ਪਾਰਲਰ ਲਈ ਜਗ੍ਹਾ ਨਿਰਧਾਰਤ ਕਰਨ 'ਤੇ ਉਹਨਾਂ ਨਾਲ ਅਤੇ ਸੈਨੇਟਰ ਸਮੀਨਾ ਸਈਦ ਨਾਲ ਸੰਪਰਕ ਕਰਨ। 

ਇਸ ਦੇ ਬਾਵਜੂਦ ਹੁਣ ਤੱਕ ਸੀ.ਡੀ.ਏ. ਦੇ ਕਿਸੇ ਵੀ ਅਧਿਕਾਰੀ ਨੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਹੈ। ਕਮੇਟੀ ਦੇ ਚੇਅਰਮੈਨ ਸਲੀਮ ਮਾਂਡੀਵਾਲਾ ਨੇ ਸੀ.ਡੀ.ਏ. ਨਾਲ ਇਸ ਮੁੱਦੇ 'ਤੇ ਦੋਹਾਂ ਮਹਿਲਾ ਸੈਨੇਟਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਇਸ ਮੁੱਦੇ ਨੂੰ ਤਰਜੀਹ ਨਾਲ ਨਜਿੱਠਣ ਦਾ ਨਿਰਦੇਸ਼ ਦਿੱਤਾ। ਸੰਸਦੀ ਰਿਹਾਇਸ਼ ਕੰਪਲੈਕਸ ਵਿਚ ਹਾਲ ਹੀ ਵਿਚ ਰੋਜ਼ਾਨਾ ਦੀ ਵਰਤੋਂ ਵਾਲੀਆਂ ਚੀਜ਼ਾਂ ਲਈ ਇਕ ਸਟੋਰ ਖੋਲ੍ਹਿਆ ਗਿਆ ਹੈ।

Vandana

This news is Content Editor Vandana