ਪਾਕਿਸਤਾਨ : 72 ਸਾਲ ਤੋਂ ਬੰਦ ਗੁ. ਖਾਰਾ ਸਾਹਿਬ ਨੂੰ ਸੰਗਤਾਂ ਲਈ ਖੋਲ੍ਹਿਆ

07/12/2019 11:13:22 PM

ਮੰਡੀ ਗੋਬਿੰਦਗੜ੍ਹ (ਮੱਗੋ)— ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਦੇ ਨੌਸ਼ਹਿਰਾ ਵਿਰਕਾਂ, ਜ਼ਿਲਾ ਗੁੱਜਰਾਂਵਾਲਾ (ਪੰਜਾਬ) ਸਥਿਤ ਗੁਰਦੁਆਰਾ ਖਾਰਾ ਸਾਹਿਬ ਨੂੰ ਅੱਜ ਪੰਜਾਬੀ ਸਿੱਖ ਸੰਗਤ ਤੇ ਵੈਕਯੂ ਟਰੱਸਟ ਬੋਰਡ ਵਲੋਂ ਕਰਵਾਏ ਗਏ ਇਕ ਸਾਦਾ ਸਮਾਰੋਹ ਦੌਰਾਨ ਸਿੱਖ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਅੱਜ ਗੁਰਦੁਆਰਾ ਸਾਹਿਬ ਵਿਖੇ ਇਕ ਸਮਾਰੋਹ ਉਪਰੰਤ ਅਰਦਾਸ ਤੋਂ ਬਾਅਦ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਹੈ, ਜਿੱਥੇ ਇਥੋਂ ਦੇ ਵਾਸੀਆਂ ਦੀ ਬੇਨਤੀ 'ਤੇ ਛੇਵੇਂ ਪਾਤਿਸ਼ਾਹ ਜੀ ਨੇ ਇਲਾਕੇ ਵਿਚ ਖਾਰੇ ਪਾਣੀ ਨੂੰ ਮਿੱਠਾ ਕਰਨ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ 3 ਦਿਨ ਚਰਨ ਪਾਏ ਸਨ, ਜਿਸ ਉਪਰੰਤ ਇਲਾਕੇ ਦਾ ਖਾਰਾ ਪਾਣੀ ਮਿੱਠਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹੁਣ ਉਨਾਂ ਦਾ ਟੀਚਾ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ ਤੇ ਸਿੱਖ ਕੌਮ ਦੀ ਮਾਤਾ ਸਾਹਿਬ ਕੌਰ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਨੂੰ ਪਾਕਿਸਤਾਨ ਸਰਕਾਰ ਤੋਂ ਖੁੱਲ੍ਹਵਾਉਣ ਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦੀ ਇਮਰਾਨ ਖਾਨ ਸਰਕਾਰ ਬਣੀ ਹੈ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਤੇ ਹੁਣ ਗੁਰਦੁਆਰਾ ਖਾਰਾ ਸਾਹਿਬ ਨੂੰ ਸਿੱਖ ਕੌਮ ਲਈ ਖੋਲ੍ਹਣਾ ਇਕ ਵੱਡੀ ਪ੍ਰਾਪਤੀ ਹੈ।

KamalJeet Singh

This news is Content Editor KamalJeet Singh