ਭ੍ਰਿਸ਼ਟਾਚਾਰ ਮਾਮਲੇ 'ਚ ਨਵਾਜ਼ ਸ਼ਰੀਫ ਨੂੰ 10 ਸਾਲ ਅਤੇ ਬੇਟੀ ਮਰੀਅਮ ਨੂੰ 7 ਸਾਲ ਦੀ ਸਜ਼ਾ

07/06/2018 5:56:02 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਆਮ ਚੋਣਾਂ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜਵਾਬਦੇਹੀ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਸ਼ਰੀਫ ਨੂੰ 10 ਸਾਲ ਅਤੇ ਬੇਟੀ ਮਰੀਅਮ ਨੂੰ 7 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। 
ਇਸ ਤੋਂ ਪਹਿਲਾਂ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਨੇ ਜਵਾਬਦੇਹੀ ਅਦਾਲਤ ਨੂੰ ਚੱਲ ਰਹੇ ਭ੍ਰਿਸ਼ਟਾਚਾਰ ਮਾਮਲਿਆਂ 'ਤੇ ਸੁਣਵਾਈ ਨੂੰ ਇਕ ਹਫਤੇ ਤੱਕ ਟਾਲਣ ਦੀ ਅਪੀਲ ਕੀਤੀ ਸੀ। ਪਰ ਅਦਾਲਤ ਨੇ ਇਸ ਅਪੀਲ ਨੂੰ ਸਿੱਧੇ ਤੌਰ 'ਤੇ ਠੁਕਰਾ ਦਿੱਤਾ ਅਤੇ ਆਪਣਾ ਫੈਸਲਾ ਸੁਣਾਇਆ। ਸ਼ਰੀਫ ਨੂੰ ਇਹ ਸਜ਼ਾ ਲੰਡਨ ਦੇ ਅਵੈਨਫੀਲਡ ਹਾਊਸ ਵਿਚ ਚਾਰ ਫਲੈਟਾਂ ਦੀ ਮਲਕੀਅਤ ਦਾ ਹੱਕ ਰੱਖਣ ਦਾ ਦੋਸ਼ੀ ਪਾਏ ਜਾਣ 'ਤੇ ਦਿੱਤੀ ਗਈ ਹੈ। ਅਦਾਲਤ ਨੇ ਸ਼ਰੀਫ ਦੇ ਦੋਹਾਂ ਬੇਟਿਆਂ ਹੁਸੈਨ ਅਤੇ ਹਸਨ ਨੂੰ ਭਗੌੜਾ ਐਲਾਨ ਕਰ ਦਿੱਤਾ ਹੈ ਅਤੇ ਉਨ੍ਹਾਂ ਵਿਰੁੱਧ ਜੀਵਨ ਭਰ ਦਾ ਵਾਰੰਟ ਜਾਰੀ ਕਰ ਦਿੱਤਾ ਹੈ। 
ਅਦਾਲਤ ਵੱਲੋਂ ਸਜ਼ਾ ਦੇ ਐਲਾਨ ਦੇ ਬਾਅਦ ਸ਼ਰੀਫ ਪਰਿਵਾਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਨਵਾਜ਼ 'ਤੇ ਪਹਿਲਾਂ ਹੀ ਚੋਣ ਲੜਨ 'ਤੇ ਪਾਬੰਦੀ ਲੱਗੀ ਹੋਈ ਹੈ ਅਤੇ ਹੁਣ ਉਸ ਦੀ ਬੇਟੀ ਮਰੀਅਮ 'ਤੇ ਵੀ ਇਸ ਸਜ਼ਾ ਦੇ ਬਾਅਦ ਚੋਣ ਲੜਨ 'ਤੇ ਰੋਕ ਲੱਗ ਸਕਦੀ ਹੈ। ਅਦਾਲਤ ਨੇ ਉਨ੍ਹਾਂ 'ਤੇ 8 ਮਿਲੀਅਨ ਪੌਂਡ ਦਾ ਜੁਰਮਾਨਾ ਵੀ ਠੋਕਿਆ ਹੈ। ਜਾਣਕਾਰੀ ਮੁਤਾਬਕ ਅਦਾਲਤ ਦੇ ਕੰਪਲੈਕਸ ਅਤੇ ਆਲੇ-ਦੁਆਲੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਕੰਪਲੈਕਸ ਵੱਲ ਜਾਣ ਵਾਲੇ ਰਸਤੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਨਾਲ ਹੀ ਜ਼ਿਲਾ ਪ੍ਰਸ਼ਾਸਨ ਨੇ ਰਾਜਧਾਨੀ ਵਿਚ ਧਾਰਾ 144 ਲਗਾ ਦਿੱਤੀ ਹੈ।