ਪਾਕਿ MP''s ਦੀ ਮੰਗ, ਮਿਲੇ ਮੋਟੀਆਂ ਤਨਖਾਹਾਂ ਤੇ ਜਹਾਜ਼ ''ਚ ਮੁਫਤ ਹੂਟੇ

02/02/2020 1:10:17 AM

ਇਸਲਾਮਾਬਾਦ (ਏਜੰਸੀ)- ਮਹਿੰਗਾਈ ਤੋਂ ਪ੍ਰੇਸ਼ਾਨ ਪਾਕਿਸਤਾਨ ਦੇ ਸੰਸਦ ਇਕ ਪ੍ਰਸਤਾਵ ਸੰਸਦ ਵਿਚ ਪੇਸ਼ ਕਰਨ ਜਾ ਰਹੇ ਹਨ। ਇਸ ਵਿਚ ਸੈਲਰੀ 400 ਫੀਸਦੀ ਵਧਾਉਣ ਦੀ ਮੰਗ ਹੈ। ਇੰਨਾ ਹੀ ਨਹੀਂ, ਇਨ੍ਹਾਂ ਸੰਸਦ ਮੈਂਬਰਾਂ ਦੀ ਇਹ ਵੀ ਮੰਗ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਹਵਾਈ ਯਾਤਰਾ ਮੁਫਤ ਕੀਤੀ ਜਾਵੇ। ਮਹਿੰਗਾਈ ਤੋਂ ਇਲਾਵਾ ਇਨ੍ਹਾਂ ਸੰਸਦ ਮੈਂਬਰਾਂ ਦਾ ਇਕ ਤਰਕ ਇਹ ਵੀ ਹੈ ਕਿ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ ਲਗਾਤਾਰ ਡਿੱਗਦੀ ਜਾ ਰਹੀ ਹੈ। ਫਿਲਹਾਲ, ਇਕ ਡਾਲਰ 156 ਪਾਕਿਸਤਾਨੀ ਰੁਪਏ ਦੇ ਕਰੀਬ ਹੈ। ਮੁਲਕ ਵਿਚ ਮਹਿੰਗਾਈ ਦਰ 13.25 ਹੋ ਚੁੱਕੀ ਹੈ।

ਮਹਿੰਗਾਈ ਤੋਂ ਜ਼ਿੰਦਗੀ ਜੀਉਣੀ ਹੋਈ ਡਾਢੀ ਔਖੀ
ਪਾਕਿਸਤਾਨ ਦੇ ਅਖਬਾਰ ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਕੁਝ ਸੰਸਦ ਮੈਂਬਰਾਂ ਨੇ ਸੈਨੇਟ ਸਕੱਤਰੇਤ ਵਿਚ ਇਕ ਮਤਾ ਜਮਾ ਕਰਵਾਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸੈਨੇਟ ਦੇ ਚੇਅਰਮੈਨ ਡਿਪਟੀ ਚੇਅਰਮੈਨ ਤੋਂ ਇਲਾਵਾ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਸੈਲਰੀ ਵਿਚ 400 ਫੀਸਦੀ ਅਤੇ ਸਾਰੇ ਸੰਸਦ ਮੈਂਬਰਾਂ ਦੀ ਤਨਖਾਹ ਵਿਚ 100 ਫੀਸਦੀ ਯਾਨੀ ਦੁੱਗਣਾ ਵਾਧਾ ਕੀਤਾ ਜਾਵੇ। ਪ੍ਰਸਤਾਵ ਮੁਤਾਬਕ ਸੰਸਦ ਮੈਂਬਰਾਂ ਦੀ ਇਹ ਮੰਗ ਵੀ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਬਿਜ਼ਨੈੱਸ ਕਲਾਸ ਵਿਚ ਮੁਫਤ ਹਵਾਈ ਯਾਤਰਾ ਦੀ ਸਹੂਲਤ ਮਿਲੇ। ਪ੍ਰਸਤਾਵ ਵਿਚ ਸਾਫ ਕੀਤਾ ਗਿਆ ਹੈ ਕਿ ਮਹਿੰਗਾਈ ਅਤੇ ਰੁਪਏ ਦੀ ਕੀਮਤ ਵਿਚ ਜਾਰੀ ਗਿਰਾਵਟ ਕਾਰਨ ਉਹ ਇਹ ਮੰਗ ਕਰਨ 'ਤੇ ਮਜਬੂਰ ਹਨ।

ਵਿੱਤ ਮੰਤਰਾਲਾ ਕਰੇਗਾ ਵਿਚਾਰ
ਸੈਨੇਟ ਸਕੱਤਰੇਤ ਨੇ ਇਹ ਪ੍ਰਸਤਾਵ ਫਿਲਹਾਲ, ਵਿਚਾਰ ਲਈ ਸੰਸਦੀ ਕਾਰਜ ਮੰਤਰਾਲੇ ਅਤੇ ਵਿੱਤ ਮੰਤਰਾਲੇ ਕੋਲ ਭੇਜ ਦਿੱਤਾ ਹੈ। ਦੋਵੇਂ ਮੰਤਰਾਲੇ ਇਸ 'ਤੇ ਵਿਚਾਰ ਤੋਂ ਬਾਅਦ ਸਪੀਕਰ ਨੂੰ ਰਿਪੋਰਟ ਕਰਨਗੇ। ਸੈਨੇਟ ਚੇਅਰਮੈਨ ਅਤੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਦੀ ਸੈਲਰੀ ਤਕਰੀਬਨ ਢਾਈ ਲੱਖ ਪਾਕਿਸਤਾਨੀ ਰੁਪਏ ਹਨ। ਇਸ ਨੂੰ 8 ਲੱਖ 70 ਹਜ਼ਾਰ ਰੁਪਏ ਕਰਨ ਦੀ ਮੰਗ ਹੈ। ਇੰਨਾ ਤਨਖਾਹ ਸੁਪਰੀਮ ਕੋਰਟ ਦੇ ਜੱਜਾਂ ਨੂੰ ਮਿਲਦੀ ਹੈ। ਸੈਨੇਟ ਦੇ ਡਿਪਟੀ ਚੇਅਰਮੈਨ ਅਤੇ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਦੀ ਤਨਖਾਹ ਮੌਜੂਦਾ ਸਮੇਂ ਵਿਚ ਤਕਰੀਬਨ 1.84 ਲੱਖ ਰੁਪਏ ਪ੍ਰਤੀ ਮਹੀਨਾ ਹੈ। ਇਸ ਨੂੰ ਵੀ 400 ਗੁਣਾ ਕਰਨ ਦੀ ਮੰਗ ਹੈ।


Sunny Mehra

Content Editor

Related News