ਕੋਰੋਨਾ ਦੇ ਨਾਮ ''ਤੇ ਪਾਕਿ ਨੇ ਅੱਡਿਆ ਪੱਲਾ, UN ਤੋਂ ਮੰਗੇ ਸਾਢੇ ਚਾਰ ਹਜ਼ਾਰ ਕਰੋੜ ਰੁਪਏ

04/24/2020 7:54:23 PM

ਇਸਲਾਮਾਬਾਦ- ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੇ ਕੋਰੋਨਾ ਮਹਾਮਾਰੀ ਨਾਲ ਨਿਪਟਣ ਲਈ ਸੰਯੁਕਤ ਰਾਸ਼ਟਰ ਤੋਂ ਫੰਡ ਦੀ ਮੰਗ ਕੀਤੀ ਹੈ। ਉਸਨੇ ਸੰਯੁਕਤ ਰਾਸ਼ਟਰ ਤੇ ਇਸ ਦੇ ਸਾਂਝੀਦਾਰ ਸੰਗਠਨਾਂ ਤੋਂ ਕੋਰੋਨਾ ਵਾਇਰਸ ਨਾਲ ਮੁਕਾਬਲੇ ਦੇ ਲਈ ਤੁਰੰਤ 59.5 ਕਰੋੜ ਡਾਲਰ (ਤਕਰੀਬਨ ਸਾਢੇ ਚਾਰ ਹਜ਼ਾਰ ਕਰੋੜ ਰੁਪਏ) ਦੀ ਮਦਦ ਮੰਗੀ ਹੈ।

ਸ਼ਾਹ ਮਹਿਮੂਦ ਕੁਰੈਸ਼ੀ ਨੇ ਦਿੱਤੀ ਜਾਣਕਾਰੀ
ਡਾਨ ਅਖਬਾਰ ਵਿਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀਰਵਾਰ ਨੂੰ ਇਕ ਵਰਚੁਅਲ ਬੈਠਕ ਵਿਚ ਦੱਸਿਆ ਕਿ ਪਾਕਿਸਤਾਨ ਨੇ ਸਿਹਤ ਵਿਵਸਥਾ ਨੂੰ ਸਹੀ ਕਰਨ ਲਈ ਆਪਣੇ ਦੋ-ਪੱਖੀ ਤੇ ਬਹੁ-ਪੱਖੀ ਸਾਂਝੀਦਾਰਾਂ ਤੋਂ ਮਦਦ ਮੰਗੀ ਹੈ। ਇਸ ਵਿਚਾਲੇ ਵਿਦੇਸ਼ ਵਿਭਾਗ ਨੇ ਦੱਸਿਆ ਕਿ ਵਿਸ਼ਵ ਬੈਂਕ ਨੇ ਮਹਾਮਾਰੀ ਨਾਲ ਮੁਕਾਬਲੇ ਦੇ ਲਈ ਪਾਕਿਸਤਾਨ ਨੂੰ ਤੁਰੰਤ 24 ਕਰੋੜ ਡਾਲਰ (1,800 ਕਰੋੜ ਰੁਪਏ) ਦਾ ਪੈਕੇਜ ਮੁਹੱਈਆ ਕਰਵਾਇਆ ਹੈ।

ਆਈ.ਐਮ.ਐਫ. ਮੂਹਰੇ ਵੀ ਫੈਲਾਇਆ ਸੀ ਹੱਥ
ਅਗਸਤ 2018 ਵਿਚ ਪਾਕਿਸਤਾਨ ਦੀ ਸੱਤਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਰਥਿਕ ਮਦਦ ਦੇ ਲਈ ਕਈ ਖਾੜੀ ਦੇਸ਼ਾਂ ਸਣੇ ਚੀਨ ਦੀ ਯਾਤਰਾ ਕੀਤੀ ਸੀ। ਇਸ ਮੁਹਿੰਮ ਵਿਚ ਉਹਨਾਂ ਨੂੰ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਤੇ ਚੀਨ ਸਣੇ ਕਈ ਦੇਸ਼ਾਂ ਤੋਂ ਆਰਥਿਕ ਮਦਦ ਮਿਲੀ ਸੀ। ਪਾਕਿਸਤਾਨ ਨੇ ਖਸਤਾਹਾਲੀ ਤੋਂ ਉਭਰਣ ਦੇ ਲਈ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ.) ਤੋਂ ਵੀ ਆਰਥਿਕ ਪੈਕੇਜ ਦੀ ਮੰਗ ਕੀਤੀ ਸੀ।

ਮੁਲਕ ਵਿਚ 11 ਹਜ਼ਾਰ ਤੋਂ ਵਧੇਰੇ ਇਨਫੈਕਟਡ
ਸਿਹਤ ਮੰਤਰਾਲਾ ਮੁਤਾਬਕ ਮੁਲਕ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ 11,155 ਹੋ ਗਈ ਹੈ। ਇਹਨਾਂ ਵਿਚੋਂ 79 ਫੀਸਦੀ ਲੋਕ ਸਥਾਨਕ ਪੱਧਰ 'ਤੇ ਇਨਫੈਕਸ਼ਨ ਦਾ ਸ਼ਿਕਾਰ ਹੋਏ ਹਨ। 237 ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਦੇਸ਼ ਦੇ 253 ਸਿਹਤ ਕਰਮਚਾਰੀ ਵੀ ਇਨਫੈਕਟਡ ਹੋਏ ਹਨ।

ਸਿੰਧ ਦੀਆਂ ਮਸਜਿਦਾਂ ਵਿਚ ਨਮਾਜ਼ ਪੜ੍ਹਨ 'ਤੇ ਰੋਕ
ਨਿਊਜ਼ ਏਜੰਸੀ ਰਾਈਟਰ ਮੁਤਾਬਕ ਪਾਕਿਸਤਾਨ ਦੇ ਸਿੰਧ ਸੂਬੇ ਦੀ ਸਰਕਾਰ ਨੇ ਰਮਜ਼ਾਨ ਦੌਰਾਨ ਮਸਜਿਦਾਂ ਵਿਚ ਨਮਾਜ਼ ਪੜਨ 'ਤੇ ਰੋਕ ਲਗਾ ਦਿੱਤੀ ਹੈ। ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਸਿੰਧ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਲੋਕ ਆਪਣੇ ਘਰਾਂ ਵਿਚ ਹੀ ਨਮਾਜ਼ ਪੜ੍ਹਨ। ਸਾਡੇ ਹਸਪਤਾਲਾਂ ਵਿਚ ਸਮਰਥਾ ਤੋਂ ਵਧੇਰੇ ਮਰੀਜ਼ ਦਾਖਲ ਹਨ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਸਿਹਤ ਸਮਰਥਾ ਤਬਾਹ ਹੋ ਜਾਵੇ।

Baljit Singh

This news is Content Editor Baljit Singh