ਇਹ ਹੈ ਪਾਕਿ ਦੀ ''ਲੇਡੀ ਸਿੰਘਮ'' 2 ਮਹੀਨੇ ''ਚ ਨਬੇੜੇ ਯੌਨ ਸ਼ੋਸ਼ਣ ਦੇ 200 ਮਾਮਲੇ

08/04/2019 5:17:36 PM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਦੋ ਮਹੀਨੇ ਪਹਿਲਾਂ ਇਕ ਮਹਿਲਾ ਸਟੇਸ਼ਨ ਹਾਊਸ ਅਫਸਰ (SHO) ਕੁਲਸੁਮ ਫਾਤਿਮਾ ਦੀ ਨਿਯੁਕਤੀ ਕੀਤੀ ਗਈ ਸੀ।ਇਸ ਸਮੇਂ ਦੌਰਾਨ ਉਸ ਨੇ ਬਲਾਤਕਾਰ ਅਤੇ ਯੌਨ ਸ਼ੋਸ਼ਣ ਦੇ 200 ਮਾਮਲਿਆਂ ਦਾ ਨਿਪਟਾਰਾ ਕੀਤਾ ਹੈ। ਇਸ ਕਾਰਨ ਫਾਤਿਮਾ ਇਨੀਂ ਦਿਨੀਂ ਸੁਰਖੀਆਂ ਵਿਚ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ।

ਇਕ ਸਮਾਚਾਰ ਏਜੰਸੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਫਾਤਿਮਾ ਨੂੰ ਪੰਜਾਬ ਸੂਬੇ ਵਿਚ ਪਾਕਪੱਟਨ ਜ਼ਿਲੇ ਦੀ ਪਹਿਲੀ ਮਹਿਲਾ ਐੱਸ.ਐੱਚ.ਓ. ਨਿਯੁਕਤ ਕੀਤਾ ਗਿਆ ਸੀ ਅਤੇ ਉਸ ਨੇ ਥੋੜ੍ਹੇ ਜਿਹੇ ਸਮੇਂ ਵਿਚ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ। ਹਾਲ ਹੀ ਵਿਚ ਇਕ ਸਮਾਚਾਰ ਏਜੰਸੀ ਨੂੰ ਦਿੱਤੇ ਆਪਣੇ ਇੰਟਰਵਿਊ ਵਿਚ ਫਾਤਿਮਾ ਨੇ ਕਿਹਾ,''ਨਾਬਾਲਗ ਕੁੜੀਆਂ ਦੇ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਮੈਨੂੰ ਗੁੱਸਾ ਦਿਵਾਉਂਦੀਆਂ ਸਨ ਪਰ ਉਸ ਸਮੇਂ ਮੈਂ ਕੁਝ ਵੀ ਕਰਨ ਵਿਚ ਸਮਰੱਥ ਨਹੀਂ ਸੀ। ਮੈਨੂੰ ਆਸ ਸੀ ਕਿ ਇਕ ਦਿਨ ਮੈਂ ਅਜਿਹੇ ਅਹੁਦੇ 'ਤੇ ਪਹੁੰਚਾਂਗੀ ਅਤੇ ਇਨ੍ਹਾਂ ਛੋਟੀਆਂ ਕੁੜੀਆਂ ਲਈ ਕੁਝ ਕਰ ਸਕਾਂਗੀ। ਮੈਨੂੰ ਇਹ ਮੌਕਾ ਮਿਲਿਆ ਜਦੋਂ ਪ੍ਰਤੀਯੋਗੀ ਪ੍ਰੀਖਿਆ ਪਾਸ ਕਰਨ ਦੇ ਬਾਅਦ ਮੈਨੂੰ ਪੰਜਾਬ ਪੁਲਸ ਵਿਚ ਸਬ-ਇੰਸਪੈਕਟਰ ਨਿਯੁਕਤ ਕੀਤਾ ਗਿਆ।'' 

ਫਾਤਿਮਾ ਨੇ ਕਿਹਾ ਕਿ ਉਹ ਉਸ ਫਰਜ਼ ਨੂੰ ਨਿਭਾ ਕੇ ਬਹੁਤ ਖੁਸ਼ ਹੈ ਜਿਸ ਨੂੰ ਹਮੇਸ਼ਾ ਨਿਭਾਉਣਾ ਚਾਹੁੰਦੀ ਸੀ। ਮਹਿਲਾ ਐੱਸ.ਐੱਚ.ਓ. ਨੂੰ ਉਹ ਮਾਮਲੇ ਸੌਂਪੇ ਗਏ ਜਿਹੜੇ ਔਰਤਾਂ ਅਤੇ ਨਾਬਾਲਗ ਕੁੜੀਆਂ ਨਾਲ ਸਬੰਧਤ ਸਨ। ਫਾਤਿਮਾ ਦੀ ਨਿਯੁਕਤੀ ਕਰਨ ਵਾਲੇ ਪਾਕਪੱਟਨ ਦੇ ਜ਼ਿਲਾ ਪੁਲਸ ਅਫਸਰ (ਡੀ.ਪੀ.ਓ.) ਇਬਾਦਤ ਨਿਸਾਰ ਨੇ ਕਿਹਾ,''ਪਾਕਪੱਟਨ ਵਿਚ ਮਹਿਲਾ ਪੁਲਸ ਅਫਸਰਾਂ ਦੀ ਨਿਯੁਕਤੀ ਨਾਲ ਲੋਕਾਂ ਨੂੰ ਨਿਆਂ ਦਿਵਾਉਣ ਵਿਚ ਮਦਦ ਮਿਲੇਗੀ।''


Vandana

Content Editor

Related News