ਪਾਕਿ ਸਰਕਾਰ ਸ਼ਨੀਵਾਰ ਨੂੰ ਕਰੇਗੀ ਕਰਤਾਰਪੁਰ ਲਾਂਘੇ ਦਾ ਉਦਘਾਟਨ, ਤਿਆਰੀਆਂ ਮੁਕੰਮਲ

11/05/2019 11:29:18 AM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਸਰਕਾਰ ਨੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ਼ਨੀਵਾਰ ਨੂੰ ਕੀਤੇ ਜਾਣ ਵਾਲੇ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇੱਥੇ 12 ਨਵੰਬਰ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਭਾਰਤ ਅਤੇ ਵਿਦੇਸ਼ਾਂ ਤੋਂ ਹਜ਼ਾਰਾਂ ਸਿੱਖ ਸ਼ਰਧਾਲੂ ਸ਼ਾਮਲ ਹੋਣਗੇ। ਇਕ ਅੰਗਰੇਜ਼ੀ ਅਖਬਾਕ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਨੀਵਾਰ ਨੂੰ 4.2 ਕਿਲੋਮੀਟਰ ਲੰਬੇ ਕੋਰੀਡੋਰ ਦਾ ਉਦਘਾਟਨ ਕਰਨਗੇ। 

ਕਰਤਾਰਪੁਰ ਸਾਹਿਬ ਗੁਰਦੁਆਰੇ ਨੂੰ ਮੂਲ ਰੂਪ ਨਾਲ ਗੁਰਦੁਆਰਾ ਦਰਬਾਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਇਕ ਸਤਿਕਾਰਯੋਗ ਤੀਰਥ ਸਥਲ ਹੈ ਜਿੱਥੇ ਬਾਬੇ ਨਾਨਕ ਨੇ ਆਪਣੀ ਜ਼ਿੰਦਗੀ ਦੇ 18 ਸਾਲ ਬਿਤਾਏ ਸਨ। ਇਹ ਬਾਬੇ ਨਾਨਕ ਦੀ ਜ਼ਿੰਦਗੀ ਦਾ ਆਖਰੀ ਆਰਾਮ ਸਥਲ ਵੀ ਹੈ। ਇਮਰਾਨ ਦੇ ਵਿਸ਼ੇਸ਼ ਨਿਰਦੇਸ਼ਾਂ 'ਤੇ ਪੰਜਾਬ ਸੂਬੇ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਅਤੇ ਪੰਜਾਬ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਅਤੇ ਓਕਾਫ ਸੈਯਦ ਹਸਨ ਸ਼ਾਹ ਬੁਖਾਰੀ ਨੇ ਸੋਮਵਾਰ ਨੂੰ ਸਾਰੀਆਂ ਵਿਵਸਥਾਵਾਂ ਦਾ ਨਿਰੀਖਣ ਕਰਨ ਲਈ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ ਦਾ ਦੌਰਾ ਕੀਤਾ। ਉਨ੍ਹਾਂ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਅਤੇ ਕਰਤਾਰਪੁਰ ਬਾਰਡਰ 'ਤੇ ਜ਼ੀਰੋ ਲਾਈਨ ਦਾ ਦੌਰਾ ਕੀਤਾ। 

ਸਰਵਰ ਅਤੇ ਬੁਖਾਰੀ ਨੇ ਇਮੀਗ੍ਰੇਸ਼ਨ ਸੈਂਟਰ, ਸ਼ਟਲ ਬੱਸ ਸੇਵਾ ਅਤੇ ਹੋਰ ਸਹੂਲਤਾਂ ਦਾ ਨਿਰੀਖਣ ਕੀਤਾ ਜੋ ਇਕ ਸਾਲ ਦੇ ਮਿਆਦ ਦੌਰਾਨ ਵਿਕਸਿਤ ਕੀਤੇ ਗਏ ਹਨ। ਸਰਵਰ ਨੇ ਸਿੱਖ ਯਾਤਰੀਆਂ ਦੇ ਨਾਲ ਗੁਰਦੁਆਰੇ ਵਿਚ ਸੋਨੇ ਦੀ ਬਣੀ 'ਪਾਲਕੀ' ਵੀ ਸਥਾਪਿਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸਰਵਰ ਨੇ ਕਿਹਾ,''ਪਾਕਿਸਤਾਨ ਨੇ ਤੈਅ ਸਮੇਂ ਵਿਚ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ ਦੇ ਕੰਮ ਨੂੰ ਪੂਰਾ ਕੀਤਾ ਹੈ।'' ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਪਾਕਿਸਤਾਨ ਵੱਲੋਂ ਦੁਨੀਆ ਭਰ ਦੇ ਸਿੱਖ ਸ਼ਰਧਾਲੂਆਂ ਲਈ ਇਕ ਤੋਹਫਾ ਹੈ। ਸਰਵਰ ਨੇ ਦੱਸਿਆ ਕਿ ਕੋਰੀਡੋਰ ਦੇ ਉਦਘਾਟਨ ਦੇ ਬਾਅਦ ਭਾਰਤ ਤੋਂ ਰੋਜ਼ਾਨਾ 5000 ਸ਼ਰਧਾਲੂ ਆ ਸਕਦੇ ਹਨ। 

ਗਵਰਨਰ ਨੇ ਕਿਹਾ ਕਿ ਉਨ੍ਹਾਂ ਨੇ ਜ਼ੀਰੋ ਲਾਈਨ ਤੋਂ ਦਰਬਾਰ ਸਾਹੀ ਤੱਕ ਨਿੱਜੀ ਰੂਪ ਨਾਲ ਸਿੱਖ ਸ਼ਰਧਾਲੂਆਂ ਲਈ ਕੀਤੀਆਂ ਵਿਵਸਥਾਵਾਂ ਦਾ ਨਿਰੀਖਣ ਕੀਤਾ। ਇਕ ਸਮਾਚਾਰ ਏਜੰਸੀ ਨਾਲ ਗੱਲ ਕਰਦਿਆਂ ਸਿੱਖ ਸ਼ਰਧਾਲੂ ਸੁਖਦੇਵ ਸਿੰਘ ਨੇ ਕਿਹਾ,''ਇਸ ਸੁਪਨੇ ਨੂੰ ਸੱਚ ਕਰਨ ਲਈ ਭਾਈਚਾਰਾ ਇਮਰਾਨ ਖਾਨ ਅਤੇ ਭਾਰਤ ਸਰਕਾਰ ਦਾ ਧੰਨਵਾਦੀ ਹੈ।''


Vandana

Content Editor

Related News