14 ਫਰਵਰੀ ਤੋਂ ਪਾਕਿ 'ਚ ਸ਼ੁਰੂ ਹੋਵੇਗੀ ਬਾਬੇ ਨਾਨਕ 'ਤੇ ਅੰਤਰਰਾਸ਼ਟਰੀ ਕਾਨਫਰੰਸ

02/02/2020 1:46:57 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਵਿਚ ਪੰਜਾਬੀ ਸਾਹਿਤ ਅਤੇ ਸੱਭਿਆਚਾਰ 'ਤੇ ਆਧਾਰਿਤ 5 ਦਿਨੀਂ 'ਗੁਰੂ ਨਾਨਕ ਦੇਵ ਅੰਤਰਰਾਸ਼ਟਰੀ ਕਾਨਫਰੰਸ' ਦਾ ਆਯੋਜਨ 14 ਫਰਵਰੀ ਤੋਂ ਹੋਵੇਗਾ। ਇਹ ਕਾਨਫਰੰਸ 18 ਫਰਵਰੀ ਤੱਕ ਚੱਲੇਗੀ। ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਵਰਲਡ ਪੰਜਾਬੀ ਕਾਂਗਰਸ ਦੇ ਚੇਅਰਮੈਨ ਫਖਰ ਜ਼ਮਾਨ ਨੇ ਦੱਸਿਆ ਕਿ 30ਵੀਂ ਗੁਰੂ ਨਾਨਕ ਦੇਵ ਅੰਤਰਰਾਸ਼ਟਰੀ ਕਾਨਫਰੰਸ ਵਿਚ ਭਾਰਤ, ਕੈਨੇਡਾ, ਡੈਨਮਾਰਕ, ਜਰਮਨੀ, ਨੀਦਰਲੈਂਡਸ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਉਹਨਾਂ ਨੇ ਕਿਹਾ ਕਿ ਭਾਰਤੀ ਵਫਦ ਨੂੰ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਗੁਰਦੁਆਰੇ ਲਿਜਾਇਆ ਜਾਵੇਗਾ। 

ਉਹਨਾਂ ਨੇ ਅੱਗੇ ਦੱਸਿਆ ਕਿ ਕਾਨਫਰੰਸ ਦਾ ਪਹਿਲਾ ਦਿਨ ਬਾਬੇ ਨਾਨਕ ਨੂੰ ਸਮਰਪਿਤ ਹੋਵੇਗਾ ਅਤੇ ਪ੍ਰਤੀਨਿਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਉਹਨਾਂ ਦੇ ਜੀਵਨ ਅਤੇ ਸੰਦੇਸ਼ਾਂ ਦੇ ਮਨੁੱਖਤਾ 'ਤੇ ਅਸਰ ਨੂੰ ਲੈ ਕੇ ਕਾਗਜ਼ ਪੇਸ਼ ਕਰਨਗੇ। ਜ਼ਮਾਨ ਨੇ ਕਿਹਾ ਕਿ ਕਾਨਫਰੰਸ ਵਿਚ ਭਾਰਤ ਅਤੇ ਪਾਕਿਸਤਾਨ ਦੇ ਪੰਜਾਬੀ ਭਾਸ਼ਾ ਦੇ ਨਾਵਲ ਤੇ ਛੋਟੀਆਂ ਕਹਾਣੀਆਂ, ਪੰਜਾਬ ਦੀ ਬਹਾਦੁਰੀ ਦੀਆਂ ਕਹਾਣੀਆਂ, ਭਾਰਤ ਤੇ ਪਾਕਿਸਤਾਨ ਵਿਚ ਪੰਜਾਬੀ ਸਾਹਿਤ ਵਿਚ ਆਲੋਚਨਾ, ਦੋਹਾਂ ਦੇਸ਼ਾਂ ਵਿਚ ਆਧੁਨਿਕ ਪੰਜਾਬੀ ਕਵਿਤਾ ਦੀ ਸਥਿਤੀ ਅਤੇ ਭਾਰਤ-ਪਾਕਿਸਤਾਨ ਦੇ ਵਿਚ ਸ਼ਾਂਤੀ ਦੇ ਦੀ ਸਥਾਪਨਾ ਕਰਨ 'ਤੇ ਵਿਚਾਰ ਵਟਾਂਦਰੇ ਹੋਣਗੇ।  

ਕਾਨਫਰੰਸ ਦੇ ਪਹਿਲੇ ਦਿਨ ਸ਼ਾਮ ਦੇ ਸਮੇਂ ਬਾਬਾ ਫਰੀਦ ਅਤੇ ਬਾਬਾ ਬੁੱਲੇ ਸ਼ਾਹ 'ਤੇ ਦਸਤਾਵੇਜ਼ੀ ਫਿਲਮ ਦਿਖਾਈ ਜਾਵੇਗੀ। ਦੂਜੇ ਦਿਨ ਸ਼ਾਮ ਨੂੰ ਭਾਰਤ ਦਾ ਪੰਜਾਬੀ ਲੋਕ ਗਾਇਕ ਪੰਮੀ ਬਾਈ ਪੇਸ਼ਕਾਰੀ ਦੇਵੇਗਾ। ਹੋਰ ਦਿਨ ਵੀ ਪੰਜਾਬੀ ਸੱਭਿਆਚਾਰ 'ਤੇ ਆਧਾਰਿਤ ਪ੍ਰੋਗਰਾਮ ਹੋਣਗੇ। ਅਖੀਰ ਵਿਚ ਲਾਹੌਰ ਘੋਸ਼ਣਾਪੱਤਰ ਨੂੰ ਮਨਜ਼ੂਰੀ ਦਿੱਤੀ ਜਾਵੇਗੀ, ਜਿਸ ਵਿਚ ਕਾਨਫਰੰਸ ਵਿਚ ਉਠੇ ਬਿੰਦੂਆਂ ਦਾ ਜ਼ਿਕਰ ਹੋਵੇਗਾ।

Vandana

This news is Content Editor Vandana