ਈਸਟਰ ਮੌਕੇ ਇਮਰਾਨ ਖਾਨ ਨੇ ਈਸਾਈ ਭਾਈਚਾਰੇ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

04/12/2020 4:40:16 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਦੇਸ਼ ਦੇ ਈਸਾਈ ਭਾਈਚਾਰੇ ਨੂੰ ਈਸਟਰ ਦੇ ਮੌਕੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਉਹਨਾਂ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਘਰ ਵਿਚ ਰਹਿ ਕੇ ਤਿਉਹਾਰ ਮਨਾਉਣ ਅਤੇ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਇਮਰਾਨ ਨੇ ਉਰਦੂ ਅਤੇ ਅੰਗਰੇਜ਼ੀ ਭਾਸ਼ਾ ਵਿਚ ਟਵੀਟ ਕਰ ਕੇ ਕਿਹਾ,''ਮੈਂ ਆਪਣੇ ਸਾਰੇ ਈਸਾਈ ਨਾਗਰਿਕਾਂ ਨੂੰ ਈਸਟਰ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।'' ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਕਾਰਨ ਉਹ ਆਪਣੇ ਪਰਿਵਾਰ ਦੇ ਨਾਲ ਘਰ ਵਿਚ ਹੀ ਇਸ ਤਿਉਹਾਰ ਨੂੰ ਮਨਾਉਣ ਅਤੇ ਪ੍ਰਾਰਥਨਾ ਕਰਨ।'' 

 

ਇਮਰਾਨ ਨੇ ਆਪਣੇ ਸੰਦੇਸ਼ ਵਿਚ ਕਿਹਾ,''ਕੋਵਿਡ-19 ਮਹਾਮਾਰੀ ਦੇ ਦੌਰਾਨ ਘਰ ਵਿਚ ਹੀ ਤਿਉਹਾਰ ਮਨਾ ਕੇ ਅਤੇ ਪ੍ਰਾਰਥਨਾ ਕਰ ਕੇ ਖੁਦ ਸੁਰੱਖਿਅਤ ਰੱਖੋ ਤੇ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖੋ ਅਤੇ ਰਾਸ਼ਟਰੀ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰੋ।'' ਰਾਸ਼ਟਰਪਤੀ ਆਰਿਫ ਅਲਵੀ ਨੇ ਵੀ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਈਸਟਰ ਸਾਨੂੰ ਪ੍ਰਭੂ ਯੀਸ਼ੂ ਦੇ ਉਪਦੇਸ਼ਾਂ ਅਤੇ ਉਹਨਾਂ ਦੇ ਪਿਆਰ, ਮੁਆਫੀ ਅਤੇ ਭਾਈਚਾਰੇ ਦੇ ਸਰਵ ਵਿਆਪਕ ਸੰਦੇਸ਼ ਦੀ ਵੀ ਯਾਦ ਦਿਵਾਉਂਦਾ ਹੈ ਜੋ ਦੁਨੀਆ ਵਿਚ ਸਦਭਾਵਨਾ ਅਤੇ ਸ਼ਾਂਤੀ ਲਿਆ ਸਕਦਾ ਹੈ। ਉਹਨਾਂ ਨੇ ਪਾਕਿਸਤਾਨ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿਚ ਈਸਾਈ ਭਾਈਚਾਰੇ ਦੇ ਯੋਗਦਾਨ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਦੇਸ਼ ਦੇ ਬਰਾਬਰ ਦੇ ਨਾਗਰਿਕ ਹਨ ਅਤੇ ਉਹਨਾਂ ਦੇ ਅਧਿਕਾਰਾਂ ਨੂੰ ਸੰਵਿਧਾਨ ਵੱਲੋਂ ਪੂਰੀ ਤਰ੍ਹਾਂ ਸੁਰੱਖਿਅਤ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5 ਹਜ਼ਾਰ ਦੇ ਪਾਰ, 86 ਮੌਤਾਂ

ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਇਸ ਮੌਕੇ 'ਤੇ ਈਸਾਈ ਭਾਈਚਾਰੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਮੁਸਲਿਮ ਬਹੁ ਰਾਸ਼ਟਰ ਪਾਕਿਸਤਾਨ ਵਿਚ ਈਸਾਈਆਂ ਦੀ ਆਬਾਦੀ ਡੇਢ ਫੀਸਦੀ ਤੋਂ ਥੋੜ੍ਹੀ ਵੱਧ ਹੈ। ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਪਾਕਿਸਤਾਨ ਵਿਚ ਈਸਾਈ ਭਾਈਚਾਰਾ ਬਿਨਾਂ ਰਵਾਇਤੀ ਜਲਸੇ ਦੇ ਈਸਟਰ ਦਾ ਤਿਉਹਾਰ ਮਨਾ ਰਿਹਾ ਹੈ। ਇਸ ਬੀਮਾਰੀ ਨਾਲ ਪਾਕਿਸਤਾਨ ਵਿਚ 5,000 ਤੋਂ ਵਧੇਰੇ ਲੋਕ ਇਨਫੈਕਟਿਡ ਹਨ ਅਤੇ 88 ਲੋਕਾਂ ਦੀ ਮੌਤ ਹੋ ਚੁੱਕੀ ਹੈ।

Vandana

This news is Content Editor Vandana