ਪਾਕਿ 'ਚ ਆਟੇ ਅਤੇ ਖੰਡ ਦੀਆਂ ਵਧੀਆਂ ਕੀਮਤਾਂ ਨੇ ਇਮਰਾਨ ਦੇ ਉਡਾਏ ਹੋਸ਼

02/10/2020 12:07:37 PM

ਇਸਲਾਮਾਬਾਦ (ਬਿਊਰੋ): ਦੇਸ਼ ਵਿਚ ਵੱਧਦੀ ਮਹਿੰਗਾਈ ਕਾਰਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹੋਸ਼ ਉੱਡੇ ਹੋਏ ਹਨ। ਦੇਸ਼ ਵਿਚ ਆਟੇ ਦੀ ਭਾਰੀ ਕਮੀ ਦੇ ਬਾਅਦ ਹੁਣ ਖੰਡ ਦੀਆਂ ਕੀਮਤਾਂ ਵੀ ਆਸਮਾਨ ਛੂਹ ਰਹੀਆਂ ਹਨ। ਰੋਜ਼ਾਨਾ ਦੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਆਟੇ ਅਤੇ ਖੰਡ ਦੀਆਂ ਵੱਧਦੀਆਂ ਕੀਮਤਾਂ ਦੇ ਬਾਅਦ ਹੁਣ ਇਮਰਾਨ ਖਾਨ ਨੂੰ ਦਖਲ ਦੇਣਾ ਪਿਆ ਹੈ। ਇਮਰਾਨ ਨੇ ਆਟੇ ਅਤੇ ਖੰਡ ਦੀਆਂ ਵੱਧਦੀਆਂ ਕੀਮਤਾਂ ਦੇ ਕਾਰਨਾਂ ਦੀ ਜਾਂਚ ਕਰ ਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।ਇਮਰਾਨ ਨੇ ਟਵੀਟ ਕਰ ਕੇ ਕਿਹਾ ਕਿ ਉਹ ਜਨਤਾ ਦੀਆਂ ਤਕਲੀਫਾਂ ਨੂੰ ਸਮਝ ਰਹੇ ਹਨ ਅਤੇ ਮੰਗਲਵਾਰ ਨੂੰ ਕੈਬਨਿਟ ਦੀ ਬੈਠਕ ਵਿਚ ਖਾਧ ਪਦਾਰਥਾਂ ਦੀਆਂ ਕੀਮਤਾਂ ਘੱਟ ਕਰਨ ਲਈ ਕਈ ਕਦਮ ਚੁੱਕੇ ਜਾਣਗੇ। 

 

ਇਮਰਾਨ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਨੇ ਆਟੇ ਅਤੇ ਖੰਡ ਦੀ ਕੀਮਤਾਂ ਵਧਣ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਮਰਾਨ ਨੇ ਕਿਹਾ,''ਮੈਂ ਦੇਸ਼ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਿਹੜੇ ਲੋਕ ਵੀ ਇਸ ਲਈ ਜ਼ਿੰਮੇਵਾਰ ਹੋਣਗੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਸਜ਼ਾ ਦਿੱਤੀ ਜਾਵੇਗੀ।'' ਅਸਲ ਵਿਚ ਪਾਕਿਸਤਾਨ ਵਿਚ ਆਟੇ ਦੀ ਗੰਭੀਰ ਕਮੀ ਦੇ ਬਾਅਦ ਹੁਣ ਖੰਡ ਦਾ ਵੀ ਸੰਕਟ ਪੈਦਾ ਹੋ ਗਿਆ ਹੈ। ਹਾਲਾਤ ਇਹ ਹਨ ਕਿ ਪਾਕਿਸਤਾਨ ਵਿਚ ਇਕ ਸਧਾਰਨ ਰੋਟੀ ਦੀ ਕੀਮਤ 12 ਤੋਂ 15 ਰੁਪਏ ਤੱਕ ਹੋ ਗਈ ਹੈ। ਇਮਰਾਨ ਸਰਕਾਰ ਦੇ 15 ਮਹੀਨੇ ਦੇ ਕਾਰਜਕਾਲ ਵਿਚ ਖੰਡ ਦੀ ਥੋਕ ਕੀਮਤ ਹੁਣ 74 ਰੁਪਏ ਕਿਲੋ ਹੋ ਗਈ ਹੈ। ਦੇਸ਼ ਵਿਚ ਖੰਡ ਦੀ ਕਮੀ ਹੋਣ ਕਾਰਨ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। 

ਬਜ਼ਾਰ ਮਾਹਰਾਂ ਦੇ ਮੁਤਾਬਕ ਅਗਲੇ ਹਫਤੇ ਤੱਕ ਖੰਡ ਦਾ ਥੋਕ ਮੁੱਲ 80 ਰੁਪਏ ਪ੍ਰਤੀ ਕਿਲੋ ਹੋ ਜਾਵੇਗਾ। ਖੰਡ ਦੀਆਂ ਵਧੀਆਂ ਕੀਮਤਾਂ ਦੇ ਬਾਵਜੂਦ ਇਮਰਾਨ ਸਰਕਾਰ ਨੇ ਹਾਲੇ ਤੱਕ ਇਸ ਦੇ ਨਿਰਯਾਤ 'ਤੇ ਪਾਬੰਦੀ ਨਹੀਂ ਲਗਾਈ ਹੈ। ਜਾਣਕਾਰੀ ਮੁਤਾਬਕ ਜੇਕਰ ਖੰਡ ਦੇ ਨਿਰਯਾਤ 'ਤੇ ਪਾਬੰਦੀ ਨਹੀਂ ਲਗਾਈ ਗਈ ਤਾਂ ਇਸ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀ ਹੈ। ਇਸ ਤੋਂ ਪਹਿਲਾਂ ਪਰਵੇਜ਼ ਮੁਸ਼ੱਰਫ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਵਿਚ ਖੰਡ ਦੀ ਕੀਮਤ 105 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ।ਆਟੇ ਦੇ ਸੰਕਟ ਤੋਂ ਨਜਿੱਠਣ ਲਈ ਇਮਰਾਨ ਸਰਕਾਰ 3 ਲੱਖ ਟਨ ਕਣਕ ਦਾ ਆਯਾਤ ਕਰਨ ਜਾ ਰਹੀ ਹੈ। ਇਸ ਵਿਚ ਹੁਣ ਗੈਸ ਕੀਮਤਾਂ ਵਿਚ ਵੀ 5 ਫੀਸਦੀ ਵਾਧੇ ਦੀ ਖਬਰ ਹੈ। 


Vandana

Content Editor

Related News